ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਕਤੂਬਰ
ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ ਫੈਕਲਟੀ) ਵੱਲੋਂ ਬੋਨਸ ਸਣੇ ਹੋਰ ਕਈ ਮੰਗਾਂ ਦੀ ਪੂਰਤੀ ਲਈ ਅੱਜ ਸੰਸਥਾ ਦੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਵਾਹਨ ਰੈਲੀ ਕੱਢੀ ਗਈ ਜੋ ਕਿ ਪੀਜੀਆਈ ਦੀ ਮਾਰਕੀਟ ਤੋਂ ਸ਼ੁਰੂ ਹੋ ਕੇ ਸੈਕਟਰ-15, 16 ਅਤੇ 24 ਦੀ ਮਾਰਕੀਟ ਤੋਂ ਹੁੰਦੇ ਹੋਏ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿਚ ਜਾ ਕੇ ਸਮਾਪਤ ਹੋਈ। ਰੈਲੀ ਗਰਾਊਂਡ ਵਿੱਚ ਪਹੁੰਚ ਕੇ ਮੁਲਾਜ਼ਮਾਂ ਨੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਵੀ ਕੀਤੀ।
ਡਿਊਟੀ ਸਮੇਂ ਤੋਂ ਬਾਅਦ ਕੱਢੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਮੁੰਜਾਲ ਨੇ ਕਿਹਾ ਕਿ ਪੀਜੀਆਈ ਪ੍ਰਬੰਧਨ ਵੱਲੋਂ ਸਾਲ 2021-22 ਲਈ ਨਾਨ ਪ੍ਰੋਡਕਟੀਵਿਟੀ ਲਿੰਕਡ ਬੋਨਸ ਦੇਣ ਵਿੱਚ ਬਿਨਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ। ਤੀਜੀ ਕੇਡਰ ਰੀਵਿਊ ਰਿਪੋਰਟ ਵੀ ਲਾਗੂ ਨਹੀਂ ਕੀਤੀ ਜਾ ਰਹੀ ਜਦੋਂਕਿ ਇਹ ਰਿਪੋਰਟ ਹਰ ਪੰਜ ਸਾਲ ਬਾਅਦ ਕਰਨੀ ਹੁੰਦੀ ਹੈ ਜੋ ਕਿ ਮਾਰਚ-1992 ਤੋਂ ਬਾਅਦ ਕੀਤੀ ਹੀ ਨਹੀਂ ਗਈ। ਇਸ ਤੋਂ ਇਲਾਵਾ ਗਰੁੱਪ-ਏ ਅਤੇ ‘ਬੀ’ ਸਟਾਫ ਨੂੰ 6 ਜੁਲਾਈ 2017 ਦੀ ਭਾਰਤ ਸਰਕਾਰ ਵਾਲੀ ਨੋਟੀਫਿਕੇਸ਼ਨ ਤਹਿਤ ਹਸਪਤਾਲ ਮਰੀਜ਼ ਸੰਭਾਲ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਨੇ ਬੈਕਲਾਗ ਪ੍ਰੋਤਸਾਹਨ ਸਕੀਮ ਨੂੰ ਲਾਗੂ ਨਾ ਕਰਨ ’ਤੇ ਭਾਰਤ ਸਰਕਾਰ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੇ ਭਲਕ ਤੱਕ ਬੋਨਸ ਸਬੰਧੀ ਦਫ਼ਤਰੀ ਹੁਕਮ ਜਾਰੀ ਨਾ ਕੀਤੇ ਤਾਂ ਮੁਲਾਜ਼ਮ 21 ਅਕਤੂਬਰ ਨੂੰ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦੇਣਗੇ।