ਪੱਤਰ ਪ੍ਰੇਰਕ
ਕੁਰਾਲੀ, 1 ਨਵੰਬਰ
ਸ਼ਹਿਰ ਦੀ ਹੱਦ ਨਾਲ ਲਗਦੇ ਪਿੰਡ ਚਤਾਮਲੀ ਦੇ ਸਰਕਾਰੀ ਸਕੂਲ ਵਿੱਚ ਦਾਖਲ ਹੋ ਕੇ ਪਿੰਡ ਦੇ ਹੀ ਨੌਜਵਾਨ ਨੇ ਅੱਜ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ। ਵਿਰੋਧ ਕਰਨ ’ਤੇ ਉਸ ਵੱਲੋਂ ਲੜਕੀ ਦੀ ਖਿੱਚ-ਧੂਹ ਤੇ ਕੁੱਟਮਾਰ ਵੀ ਕੀਤੀ ਗਈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਕੁਰਾਲੀ-ਮੋਰਿੰਡਾ ਰੋਡ ’ਤੇ ਸਥਿਤ ਚਤਾਮਲੀ ਦੇ ਸਰਕਾਰੀ ਹਾਈ ਸਕੂਲ ਵਿੱਚ ਇਹ ਘਟਨਾ ਅੱਜ ਸਵੇਰੇ ਕਰੀਬ 8.30 ਵਜੇ ਵਾਪਰੀ।
ਮਿਲੀ ਜਾਣਕਾਰੀ ਅਨੁਸਾਰ ਸਕੂਲ ਦੀ ਸੱਤਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਅੱਜ ਸਵੇਰੇ ਜਦੋਂ ਸਕੂਲ ਪੁੱਜੀ ਤਾਂ ਪਹਿਲਾਂ ਤੋਂ ਹੀ ਉੱਥੇ ਹਾਜ਼ਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਲੜਕੀ ਨੂੰ ਧੂਹ ਕੇ ਕਮਰੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕੀ ਨੇ ਉਸ ਦਾ ਵਿਰੋਧ ਕੀਤਾ ਅਤੇ ਰੌਲਾ ਪਾ ਦਿੱਤਾ। ਲੜਕੀ ਨੂੰ ਚੁੱਪ ਕਰਵਾਉਣ ਲਈ ਮੁਲਜ਼ਮ ਨੇ ਉਸ ਦੀ ਖਿੱਚ-ਧੂਹ ਕਰਦਿਆਂ ਕੁੱਟਮਾਰ ਵੀ ਕੀਤੀ। ਸਕੂਲ ਲੱਗਣ ਦਾ ਸਮਾਂ ਹੋਣ ਕਾਰਨ ਪਲਾਂ ਵਿੱਚ ਹੀ ਹੋਰ ਬੱਚੇ ਤੇ ਸਕੂਲ ਦਾ ਇੱਕ ਮੁਲਾਜ਼ਮ ਮੌਕੇ ’ਤੇ ਪੁੱਜ ਗਿਆ ਜਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਸਕੂਲ ਦੇ ਹੀ ਇੱਕ ਕਮਰੇ ਵਿੱਚ ਬੰਦ ਕਰ ਲਿਆ। ਇਸ ਘਟਨਾ ਸਬੰਧੀ ਸਕੂਲ ਸਟਾਫ਼ ਵਲੋਂ ਪੀੜਤ ਲੜਕੀ ਦੇ ਮਾਪਿਆਂ ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮਾਪਿਆਂ ਨੇ ਦੱਸਿਆ ਕਿ ਘਟਨਾ ਮਗਰੋਂ ਪੀੜਤਾ ਬੁਰੀ ਤਰ੍ਹਾਂ ਸਹਿਮੀ ਹੋਈ ਹੈ।
ਹਾਈ ਸਕੂਲ ਦੀ ਮੁੱਖ ਅਧਿਆਪਕਾ ਹਰਮੀਤ ਕੌਰ ਨੇ ਦੱਸਿਆ ਕਿ ਇਹ ਘਟਨਾ ਸਕੂਲ ਲੱਗਣ ਤੋਂ ਪਹਿਲਾਂ ਵਾਪਰੀ ਹੈ। ਉਨ੍ਹਾਂ ਕਿਹਾ ਕਿ ਪੀੜਤ ਲੜਕੀ ਆਪਣੇ ਭੈਣ ਭਰਾਵਾਂ ਨੂੰ ਪ੍ਰਾਇਮਰੀ ਸਕੂਲ ਵਿੱਚ ਛੱਡਣ ਗਈ ਸੀ ਅਤੇ ਮੁਲਜ਼ਮ ਨੇ ਉਸ ਨੂੰ ਫੜ ਲਿਆ। ਐੱਸਐੱਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਲਵਲੀ ਨਾਮੀ ਨੌਜਵਾਨ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।