ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਸਤੰਬਰ
ਬਲਦੇਵ ਨਗਰ ਪੁਲੀਸ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਹੀਲਿੰਗ ਟੱਚ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਦੀਪਕ ਹਾਂਡਾ ਦੀ ਪਤਨੀ ਸੰਗੀਤਾ ਹਾਂਡਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਵਿਜੈ ਕੁਮਾਰ, ਰਾਮ ਮੂਰਤੀ ਅਤੇ ਵਿਕਰਮ ਤਿੰਨ ਜਣਿਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਦਰਜ ਕੀਤਾ ਹੈ। ਏਐੱਸਆਈ ਸਤੀਸ਼ ਕੁਮਾਰ ਅਨੁਸਾਰ ਦੀਪਕ ਏਨਾ ਹੀ ਦੱਸ ਸਕਿਆ ਕਿ ਉਸ ਦੀ ਰਾਧਾ ਕ੍ਰਿਸ਼ਨ ਬਾਜ਼ਾਰ ਵਿੱਚ ਦੁਕਾਨ ਹੈ ਅਤੇ ਉਸ ਨੇ ਕਣਕ ਵਿੱਚ ਰੱਖਣ ਵਾਲੀ ਦਵਾਈ ਦੀਆਂ ਚਾਰ ਗੋਲੀਆਂ ਖਾਧੀਆਂ ਹਨ ਕਿਉਂਕਿ ਵਿਜੈ ਕੁਮਾਰ ਅਤੇ ਰਾਮ ਮੂਰਤੀ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ।
ਦੀਪਕ ਦੀ ਪਤਨੀ ਸੰਗੀਤਾ ਨੇ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਕਿ 27 ਅਗਸਤ ਨੂੰ ਉਸ ਦੇ ਪਤੀ ਦੀ ਗੁਆਂਢੀ ਅਜੈ ਨਾਲ ਹੱਥੋਪਾਈ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਵਿਜੈ ਕੁਮਾਰ ਅਤੇ ਰਾਮ ਮੂਰਤੀ ਉਨ੍ਹਾਂ ਨੂੰ ਕਾਫ਼ੀ ਤੰਗ ਕਰ ਰਹੇ ਸਨ ਜਿਸ ਕਾਰਨ ਉਹ ਦੋਵੇਂ ਕਾਫ਼ੀ ਤੰਗ ਹੋ ਗਏ ਸਨ ਅਤੇ ਇਸ ਕਾਰਨ ਉਸ ਦੇ ਪਤੀ ਨੇ 2 ਸਤੰਬਰ ਨੂੰ ਖ਼ੁਦਕੁਸ਼ੀ ਕਰਨ ਲਈ ਜ਼ਹਿਰ ਨਿਗਲ ਲਈ।