ਪੱਤਰ ਪ੍ਰੇਰਕ
ਕੁਰਾਲੀ, 21 ਅਗਸਤ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਨੂੰ ਜੋੜਨ ਵਾਲੀ ਮੀਆਂਪੁਰ ਚੰਗਰ-ਮਾਜਰੀ ਕਲੋਨੀ ਸੜਕ ਦੀ ਖਸਤਾ ਹਾਲਤ ਕਈ ਪਿੰਡਾਂ ਦੇ ਵਸਨੀਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਲਾਕਾ ਵਾਸੀਆਂ ਨੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਚੌਧਰੀ ਪ੍ਰੀਤਮ ਚੰਦ, ਕੁਲਵੀਰ ਕੌਰ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਮੇਵਾ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਮਾਜਰੀ ਦੇ ਪਿੰਡਾਂ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਇਸ ਸੜਕ ਦਾ ਮੀਆਂਪੁਰ ਚੰਗਰ ਤੋਂ ਲੈ ਕੇ ਮਾਜਰੀ ਕਲੋਨੀ ਤੱਕ ਦਾ ਇਹ ਹਿੱਸਾ ਹੁਣ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ ਅਤੇ ਸੜਕ ਦਾ ਵਧੇਰੇ ਹਿੱਸਾ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੁਲੀਆਂ ਦੀ ਅਣਹੋਂਦ ਕਾਰਨ ਬਾਰਿਸ਼ ਦੇ ਮੌਸਮ ਵਿੱਚ ਪਹਾੜੀ ਖੇਤਰ ਦੇ ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਜਾਂਦਾ ਹੈ। ਦੱਸਿਆ ਕਿ ਸੜਕ ਦੀ ਇਸ ਹਾਲਤ ਸਬੰਧੀ ਉਹ ਕਈ ਵਾਰ ਸਰਕਾਰਾਂ ਤੇ ਆਗੂਆਂ ਨੂੰ ਅਪੀਲਾਂ ਕਰ ਚੁੱਕੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਸਾਰ ਲਈ ਜਾਵੇ।