ਹਰਜੀਤ ਸਿੰਘ
ਡੇਰਾਬੱਸੀ, 10 ਜੂਨ
ਇਥੋਂ ਦੀ ਗੁਲਾਬਗੜ੍ਹ ਸੜਕ ’ਤੇ ਸਥਿਤ ਜੀਬੀਪੀ ਰੋਜ਼ ਵੈਲੀ ਕਲੋਨੀ ਦੇ ਵਸਨੀਕ ਨੇੜੇ ਤੋਂ ਲੰਘ ਰਹੇ ਗੰਦੇ ਨਾਲੇ ਦੀ ਬਦਬੂ ਤੋਂ ਪ੍ਰੇਸ਼ਾਨ ਹਨ। ਕਲੋਨੀ ਵਾਸੀਆਂ ਵੱਲੋਂ ਲੰਘੇ ਕਈ ਦਿਨਾਂ ਤੋਂ ਨਾਲੇ ਦੀ ਸਫਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਲੋਨੀ ਦੇ ਵਸਨੀਕ ਓਡੀ. ਸ਼ਰਮਾ, ਸ਼ਿਵ ਕੁਮਾਰ, ਰਣਧੀਰ ਸਿੰਘ, ਸੁਭਾਸ਼ ਚੰਦ, ਅਮਰਦੀਪ, ਰੂਪ ਲਾਲ, ਕੇਸ਼ਵ ਸ਼ਰਮਾ, ਸੁਸ਼ੀਲਾ ਦੇਵੀ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਤਕਰੀਬਨ 460 ਦੇ ਕਰੀਬ ਪਲਾਟ ਹਨ, ਜਿਨ੍ਹਾਂ ਵਿੱਚੋਂ 180 ਘਰਾਂ ਵਿੱਚ ਪਰਿਵਾਰ ਰਹਿੰਦੇ ਹਨ। ਇਸ ਤੋਂ ਇਲਾਵਾ 50 ਪਲਾਟਾਂ ’ਤੇ ਘਰਾਂ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਲੋਨੀ ਦੇ ਨਾਲ ਇਕ ਗੰਦਾ ਲੰਘਦਾ ਹੈ, ਜਿਸ ਵਿੱਚ ਖੇਤਰ ਦੇ ਸਨਅਤਾਂ ਦਾ ਦੂਸ਼ਿਤ ਪਾਣੀ ਨਿਕਾਸ ਹੁੰਦਾ ਹੈ। ਨਾਲੇ ਵਿੱਚ ਹਰ ਵੇਲੇ ਪ੍ਰਦੂਸ਼ਿਤ ਕਾਲੇ ਰੰਗ ਦਾ ਦੂਸ਼ਿਤ ਪਾਣੀ ਵਗਦਾ ਰਹਿੰਦਾ, ਜਿਸ ਵਿੱਚੋਂ ਗੰਦੀ ਬਦਬੂ ਉੱਠਦੀ ਰਹਿੰਦੀ ਹੈ। ਇਸ ਬਦਬੂ ਨਾਲ ਉਨ੍ਹਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਲੋਨਾਈਜ਼ਰ ਨੇ ਇਸ ਗੰਦੇ ਨਾਲੇ ਨੂੰ ਰਿਵਰ ਵਿਊ (ਨਦੀ ਵਾਲਾ ਪਾਸਾ) ਦੱਸ ਕੇ ਪਲਾਟ ਵੇਚੇ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਗੰਦਾ ਨਾਲਾ ਹੈ, ਜਿਸ ਵਿੱਚ ਡੇਰਾਬੱਸੀ ਸਨਅਤ ਦਾ ਸਾਰਾ ਦੂਸ਼ਿਤ ਪਾਣੀ ਵਗਦਾ ਹੈ। ਇੱਥੇ ਹਰ ਵੇਲੇ ਮੱਖੀਆਂ ਮੱਛਰ ਭਿਣਕਦੇ ਰਹਿੰਦੇ ਹਨ, ਜਿਸ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਕਲੋਨੀ ਵਾਸੀਆਂ ਨੇ ਕਿਹਾ ਕਿ ਜੇਕਰ ਛੇਤੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਇਸ ਨਾਲੇ ਦੀ ਸਫਾਈ ਕਰਵਾਈ ਜਾਏਗੀ। ਉਨ੍ਹਾਂ ਨੇ ਕਿਹਾ ਕਿ ਕਲੋਨੀ ਕੱਟਣ ਵਾਲਾ ਜੀਬੀਪੀ ਗਰੁੱਪ ਦਾ ਮਾਲਕ ਪਹਿਲਾਂ ਹੀ ਲੋਕਾਂ ਨਾਲ ਕਰੋੜਾਂ ਰੁਪਏ ਧੋਖਾ ਕਰ ਕੇ ਫ਼ਰਾਰ ਹੈ ਜਿਸਨੇ ਗੰਦੇ ਨਾਲੇ ਦੇ ਨਾਲ ਕਲੋਨੀ ਕੱਟ ਕੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ।