ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 3 ਜੁਲਾਈ
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐੱਸਆਈ ਜ਼ੋਨਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਫੈਕਟਰੀ ਕਾਮੇ ਸੁਭਾਸ਼ ਪਾਂਡੇ ਦੀ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਇਸ ਸਬੰਧੀ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਅਤੇ ਜਨਰਲ ਸਕੱਤਰ ਰਾਜੀਵ ਗੁਪਤਾ ਨੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੁਭਾਸ਼ ਪਾਂਡੇ ਦੀ ਮੌਤ ਮੈਡੀਕਲ ਲਾਪ੍ਰਵਾਹੀ ਦੇ ਕਾਰਨ ਹੋਈ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਅੰਬੇਦਕਰ ਕਲੋਨੀ ਬਲੌਂਗੀ ਦੇ ਵਸਨੀਕ ਸੁਭਾਸ਼ ਪਾਂਡੇ ਫੈਕਟਰੀ ਵਿੱਚ ਕੰਮ ਕਰਦਾ ਸੀ ਅੇ ਬੀਤੀ ਸ਼ਾਮ ਕੰਮ ਦੌਰਾਨ ਉਸਦੀ ਹਾਲਤ ਅਚਾਨਕ ਖ਼ਰਾਬ ਹੋ ਜਾਣ ’ਤੇ ਉਸ ਨੂੰ ਈਐੱਸਆਈ ਹਸਪਤਾਲ ਲਿਜਾਇਆ ਗਿਆ। ਸ਼ਿਆਮ ਚੌਧਰੀ ਦੇ ਬਿਆਨਾਂ ਅਨੁਸਾਰ ਇੱਕ ਘੰਟੇ ਬਾਅਦ ਡਾਕਟਰ ਨੇ ਮਰੀਜ਼ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਣ ’ਤੇ ਉਸ ਨੂੰ ਇੰਡਸ ਹਸਪਤਾਲ ਲਿਜਾਣ ਲਈ ਕਿਹਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ, ਈਐੱਸਆਈ ਹਸਪਤਾਲ ਦੇ ਐਸਐੱਮਓ ਡਾ. ਮਨਜੀਤ ਕੌਰ ਨੇ ਕਿਹਾ ਕਿ ਸੁਭਾਸ਼ ਪਾਂਡੇ ਦੇ ਇਲਾਜ ਵਿੱਚ ਕੋਈ ਲਾਪ੍ਰਵਾਹੀ ਨਹੀਂ ਵਰਤੀ , ਉਸ ਨੂੰ ਲੋੜੀਂਦੀ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਗਈ ਸੀ।