ਪੱਤਰ ਪ੍ਰੇਰਕ
ਪੰਚਕੂਲਾ, 30 ਅਪਰੈਲ
ਪੰਚਕੂਲਾ ਦੇ ਸਰਕਾਰੀ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਅੱਜ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਮਰੀਜ਼ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਇਮਾਰਤ ਤੋਂ ਹੇਠਾਂ ਡਿੱਗਣ ਸਾਰ ਹੀ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ (45) ਵਜੋਂ ਹੋਈ ਹੈ, ਜੋ ਹਸਪਤਾਲ ਦੇ ਸਾਈਕੈਟਰਿਕ ਵਾਰਡ ਵਿੱਚ ਦਾਖਲ ਸੀ। ਜਾਣਕਾਰੀ ਅਨੁਸਾਰ ਉਸ ਨੇ ਖਿੜਕੀ ’ਚੋਂ ਛਾਲ ਮਾਰੀ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਪਤਾ ਲੱਗਾ ਹੈ ਕਿ ਇਹ ਵਿਅਕਤੀ ਪੂਰੀ ਤਰ੍ਹਾਂ ਪਰੇਸ਼ਾਨ ਸੀ ਅਤੇ ਇਸ ਨੇ ਲੰਮੇ ਸਮੇਂ ਤੋਂ ਵਾਰਡ ਵਿੱਚ ਰੌਲਾ ਪਾਇਆ ਹੋਇਆ ਸੀ। ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫਸਰ ਡਾਕਟਰ ਰਮੇਸ਼ ਮੋਦੀ ਨੇ ਦੱਸਿਆ ਕਿ ਛਾਲ ਮਾਰਨ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।