ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 29 ਅਪਰੈਲ
ਪਿੰਡ ਸੇਖਨਮਾਜਰਾ ਵਿੱਚ ਕਿਸਾਨ ਰੁਪਿੰਦਰ ਸਿੰਘ ਵੱਲੋਂ ਬਣਾਏ ਸ਼ੈੱਡ ਦੇ ਪਿੱਲਰ ਅਤੇ ਦੀਵਾਰ ਮੁਹਾਲੀ ਬਲਾਕ ਦੇ ਬੀਡੀਪੀਓ ਵਿਨੋਦ ਕੁਮਾਰ ਦੀ ਅਗਵਾਈ ਹੇਠ ਅੱਜ ਢਾਹ ਦਿੱਤੀ ਗਈ। ਬੀਡੀਪੀਓ ਨੇ ਦੱਸਿਆ ਕਿ ਸਬੰਧਤ ਵਿਅਕਤੀ ਵੱਲੋਂ ਗਲੀ ਦੀ ਥਾਂ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਇਸ ਸਬੰਧੀ ਨੋਟਿਸ ਭੇਜਿਆ ਸੀ ਜੋ ਕਿ ਸਬੰਧਿਤ ਵਿਅਕਤੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਕਿਸਾਨ ਰੁਪਿੰਦਰ ਸਿੰਘ ਨੇ ਪੰਚਾਇਤ ਵਿਭਾਗ ਦੀ ਕਾਰਵਾਈ ਨੂੰ ਪੱਖਪਾਤੀ ਦੱਸਿਆ ਹੈ। ਉਸ ਨੇ ਦਾਅਵਾ ਕੀਤਾ ਕਿ ਆਪਣੀ ਥਾਂ ਵਿੱਚ ਸੈੱਡ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਨੇ ਸੈੱਡ ਢਾਹੁਣ ਤੋਂ ਪਹਿਲਾਂ ਨਾ ਤਾਂ ਗਲੀ ਦੇ ਥਾਂ ਦੀ ਨਿਸ਼ਾਨਦੇਹੀ ਕਰਵਾਈ ਅਤੇ ਨਾ ਹੀ ਉਸ ਨੂੰ ਪੱਖ ਰੱਖਣ ਦਾ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਨੇਕਾਂ ਥਾਵਾਂ ਉੱਤੇ ਨਾਜਾਇਜ਼ ਕਬਜ਼ੇ ਹਨ ਪਰ ਪੱਖਪਾਤੀ ਕਾਰਵਾਈ ਸਿਰਫ਼ ਉਸ ਖ਼ਿਲਾਫ਼ ਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਨੋਟਿਸ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੈੱਡ ਬਹੁਤ ਪੁਰਾਣਾ ਬਣਿਆ ਹੋਇਆ ਸੀ।
ਕਿਸਾਨ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ: ਇਸ ਮਾਮਲੇ ਦਾ ਕਿਸਾਨ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਉੱਪ ਪ੍ਰਧਾਨ ਗੁਰਪ੍ਰੀਤ ਸਿੰਘ ਸੇਖਨਮਾਜਰਾ, ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਡੀਡੀਪੀਓ ਨੂੰ ਮੰਗ ਪੱਤਰ ਦਿੱਤਾ।