ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜਨਵਰੀ
ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਨੇ ਸ਼ਤਾਬਦੀ ਵਰ੍ਹੇ ਵਿੱਚ ਇੱਕ ਹੋਰ ਮਾਅਰਕਾ ਮਾਰਿਆ ਹੈ। ਇੰਡੀਅਨ ਸੁਸਾਇਟੀ ਫਾਰ ਹਾਈਡਰੋਲਿਕਸ ਵੱਲੋਂ ਪੈਕ ਨੂੰ ਇਸ ਸਾਲ ਹਾਈਡਰੋ-2022 ਕੌਮਾਂਤਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਪੁਣੇ ਵਿੱਚ ਹੋਈ ਸੁਸਾਇਟੀ ਦੀ ਸਾਲਾਨਾ ਮੀਟਿੰਗ ਵਿੱਚ ਕੀਤਾ ਗਿਆ। ਹਾਈਡਰੋ-2022 ਕਾਨਫਰੰਸ 22 ਤੋਂ 24 ਦਸੰਬਰ ਦਰਮਿਆਨ ਪੈਕ ਕੈਂਪਸ ਵਿੱਚ ਹੋਵੇਗੀ। ਪੈੱਕ ਦੇ ਅਧਿਕਾਰੀ ਨੇ ਦੱਸਿਆ ਕਿ ਕਾਨਫਰੰਸ ਦੀ ਮੇਜ਼ਬਾਨੀ ਲਈ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਜ਼ੋਰ ਲਾ ਰਹੀਆਂ ਸਨ ਪਰ ਪੈਕ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਰਮਿਆਨ ਸਖ਼ਤ ਮੁਕਾਬਲਾ ਸੀ। ਇਸ ਮੌਕੇ ਪੈਕ ਟੀਮ ਨੇ ਵਧੀਆ ਪੇਸ਼ਕਾਰੀ ਦਿੱਤੀ ਜਿਸ ਆਧਾਰ ’ਤੇ ਹਾਈਡਰੋ-ਕਾਨਫਰੰਸ ਕਰਵਾਉਣ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਤਿਆਰੀ ਲਈ ਸੁਸਾਇਟੀ ਵੱਲੋਂ ਵੱਡਾ ਬਜਟ ਜਾਰੀ ਕੀਤਾ ਗਿਆ ਹੈ।
ਕਾਨਫਰੰਸ ਵਿੱਚ 400 ਪਰਚੇ ਪੇਸ਼ ਹੋਣਗੇ: ਡਾਇਰੈਕਟਰ
ਪੈੱਕ ਦੇ ਡਾਇਰੈਕਟਰ ਬਲਦੇਵ ਸੇਤੀਆ ਨੇ ਦੱਸਿਆ ਕਿ ਪੈਕ ਦੀ ਕੌਮਾਂਤਰੀ ਕਾਨਫਰੰਸ ਵਿਚ ਦੇਸ਼ ਤੇ ਵਿਦੇਸ਼ਾਂ ਤੋਂ ਮਾਹਿਰ ਵਿਗਿਆਨੀ ਸ਼ਾਮਲ ਹੋਣਗੇ। ਕਾਨਫਰੰਸ ਸਿਵਲ ਇੰਜਨੀਅਰਿੰਗ ਵਿਭਾਗ ਵੱਲੋਂ 22 ਤੋਂ 24 ਦਸੰਬਰ ਦਰਮਿਆਨ ਕਰਵਾਈ ਜਾਵੇਗੀ। ਇਸ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ। ਇਸ ਵਿਚ ਮਾਹਿਰਾਂ ਵਲੋਂ 400 ਤੋਂ ਵੱਧ ਪੇਪਰ ਪੇਸ਼ ਕੀਤੇ ਜਾਣਗੇ।