ਜਗਮੋਹਨ ਸਿੰਘ
ਘਨੌਲੀ, 13 ਮਾਰਚ
ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਚ ਥਰਮਲ ਪਲਾਂਟ ਦੀ ਸਟੇਜ -1 ਦੇ ਯੂਨਿਟਾਂ ਨੂੰ ਡਿਸਮੈਂਟਲ ਕਰਨ ਦੇ ਕੰਮ ਵਿੱਚ ਜੁਟੀ ਫਰਮ ਦਾ ਆਕਸੀਜਨ ਦਾ ਸਿਲੰਡਰ ਫਟ ਜਾਣ ਕਾਰਨ ਥਰਮਲ ਪਲਾਂਟ ਦੇ ਦਫਤਰਾਂ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਸ ਤੋਂ ਇਲਾਵਾ 220 ਕੇ.ਵੀ. ਸਬ ਸਟੇਸ਼ਨ ਦੀ ਮਸ਼ੀਨਰੀ ਵੀ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਅੱਜ ਸਰਵਿਸ ਬਿਲਡਿੰਗ ਨੇੜੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਆਪੋ ਆਪਣੇ ਕੰਮਾਂ ਵਿੱਚ ਜੁਟੇ ਮੁਲਾਜ਼ਮ ਦਫਤਰਾਂ ਤੋਂ ਬਾਹਰ ਆ ਗਏ। ਮੁੱਖ ਇੰਜੀਨੀਅਰ ਰਵੀ ਵਧਵਾ ਨੇ ਦੱਸਿਆ ਕਿ ਆਕਸੀਜ਼ਨ ਦਾ ਸਿਲੰਡਰ ਫਟਣ ਉਪਰੰਤ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ, ਪਰ ਥੋੜ੍ਹਾ ਬਹੁਤ ਮਾਲੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਸਬੰਧਤ ਠੇਕੇਦਾਰ ਤੋਂ ਕਰਵਾਈ ਜਾਵੇਗੀ। ਹਾਦਸੇ ਦੀ ਜਾਂਚ ਸਬੰਧੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।