ਜਗਮੋਹਨ ਸਿੰਘ
ਰੂਪਨਗਰ, 26 ਅਪਰੈਲ
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਦੇ ਕਰੱਸ਼ਰ ਮਾਲਕਾਂ ਅਤੇ ਖਣਨ ਦੇ ਧੰਦੇ ਨਾਲ ਜੁੜੇ ਟਰਾਂਸਪੋਰਟਰਾਂ ਨੂੰ ਆਪਣੀ ਮਸ਼ੀਨਰੀ ਦੀਆਂ ਕਿਸ਼ਤਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ। ਮੀਡੀਆ ਨੂੰ ਦੁਖੜਾ ਸੁਣਾਉਂਦਿਆਂ ਕਰੱਸ਼ਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ, ਸਕੱਤਰ ਪਰਮਜੀਤ ਸਿੰਘ ਸ਼ਿਵਜੀ ਆਦਿ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਕੱਚਾ ਮਾਲ ਨਾ ਮਿਲਣ ਕਾਰਨ ਕਰੱਸ਼ਰ ਇੰਡਸਟਰੀ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ ਤੇ ਬੈਂਕਾਂ ਵਾਲੇ ਕਰਜ਼ਿਆਂ ਦੀ ਕਿਸ਼ਤਾਂ ਜਮ੍ਹਾਂ ਕਰਵਾਉਣ ਲਈ ਉਨ੍ਹਾਂ ਨੂੰ ਲਗਾਤਾਰ ਫੋਨ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਕਰੱਸ਼ਰਾਂ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਵਿਹਲੇ ਬਿਠਾ ਕੇ ਤਨਖਾਹ ਦੇਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੁਸ਼ਕਲਾਂ ਦੱਸਣ ਲਈ ਅੱਜ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਸਨ, ਪਰ ਸਟਾਫ ਨੇ ਗੱਲ ਸੁਣੇ ਬਿਨਾਂ ਹੀ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਣਨ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਨਵੀਂ ਪਾਲਿਸੀ ਬਣਾ ਕੇ ਕੱਚੇ ਮਾਲ ਦਾ ਪ੍ਰਬੰਧ ਕਰਕੇ ਕਰੱਸ਼ਰ ਇੰਡਸਟਰੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ।