ਬਨੂੜ: ਇੱਥੋਂ ਨਜ਼ਦੀਕੀ ਪਿੰਡ ਮੋਟੇਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਦੀ ਪੂਰਤੀ ਲਈ ਮਾਨਵ ਸੇਵਾ ਵੈੱਲਫ਼ੇਅਰ ਸੁਸਾਇਟੀ ਹਰਿਆਊ ਖੁਰਦ ਨੇ ਆਪਣੇ ਖਰਚੇ ਉੱਤੇ ਇੱਕ ਅਧਿਆਪਕ ਨਿਯੁਕਤ ਕਰਨ ਦਾ ਐਲਾਨ ਕੀਤਾ। ਸਕੂਲ ਵਿੱਚ ਹੋਏ ਇੱਕ ਸਮਾਗਮ ਦੌਰਾਨ ਜਥੇਬੰਦੀ ਦੇ ਪ੍ਰਧਾਨ ਮੁਖਤਿਆਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਵੀ ਕਈ ਸਰਕਾਰੀ ਸਕੂਲਾਂ ਨੂੰ ਅਪਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਸਕੂਲ ਨੂੰ ਇੱਕ ਪ੍ਰਿੰਟਰ ਵੀ ਭੇਟ ਕੀਤਾ। ਇਸ ਮੌਕੇ ਪ੍ਰਾਇਮਰੀ ਸਿੱਖਿਆ ਦੇ ਬਨੂੜ ਬਲਾਕ ਦੇ ਬੀਪੀਈਓ ਸਤਿੰਦਰ ਸਿੰਘ, ਸੈਂਟਰ ਹੈੱਡ ਟੀਚਰ ਸੁਖਦੇਵ ਸਿੰਘ, ਸਕੂਲ ਮੁਖੀ ਸ਼ੁਸਮਾ ਰਾਣੀ ਨੇ ਸੰਸਥਾ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ