ਮੁਕੇਸ਼ ਕੁਮਾਰ
ਚੰਡੀਗੜ੍ਹ, 15 ਅਕਤੂਬਰ
ਬਦੀ ਉੱਤੇ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਦਸਹਿਰੇ ਦਾ ਤਿਉਹਾਰ ਚੰਡੀਗੜ੍ਹ ਵਿੱਚ ਕੋਵਿਡ ਪਾਬੰਦੀਆਂ ਦੇ ਬਾਵਜੂਦ ਉਤਸ਼ਾਹ ਨਾਲ ਮਨਾਇਆ ਗਿਆ ਤੇ ਸੈਕਟਰ-17 ਸਮੇਤ ਸੈਕਟਰ-26, ਰਾਮ ਦਰਬਾਰ, ਮਨੀਮਾਜਰਾ, ਸੈਕਟਰ-27 ਅਤੇ ਹੋਰਨਾਂ ਥਾਵਾਂ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਥੇ ਦਸਹਿਰੇ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ ਕਈ ਥਾਵਾਂ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਦੇ ਹੋਏ ਆਤਿਸ਼ਬਾਜ਼ੀ ਵੀ ਚਲਾਈ ਗਈ। ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਦੀਵਾਲੀ ਤੱਕ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਕਈ ਦੁਸਹਿਰਾ ਕਮੇਟੀਆਂ ਨੇ ਬਿਨਾਂ ਪਟਾਕਿਆਂ ਤੋਂ ਹੀ ਬਦੀ ਦੇ ਪੁਤਲੇ ਸਾੜੇl ਪ੍ਰਸ਼ਾਸਨ ਦੀਆਂ ਪਾਬੰਦੀਆਂ ਕਾਰਨ ਸੈਕਟਰ-46 ਦੀ ਸਨਾਤਨ ਦੁਸਹਿਰਾ ਕਮੇਟੀ ਵੱਲੋਂ ਵੀ ਦਸਹਿਰੇ ਮੌਕੇ ਸਿਰਫ ਰਾਵਣ ਦੇ ਹੀ 25 ਫੁੱਟ ਉੱਚੇ ਪੁਤਲੇ ਨੂੰ ਸਾੜਿਆ ਗਿਆ। ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ।
ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਦੁਸਹਿਰੇ ਨੂੰ ਲੈਕੇ ਕੀਤੇ ਗਏ ਪ੍ਰੋਗਰਾਮਾਂ ਦੌਰਾਨ ਸ਼ਾਮ ਹੁੰਦਿਆਂ ਹੀ ਬਦੀ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਵਿੱਚ ਖਾਸ ਜੋਸ਼ ਦੇਖਣ ਨੂੰ ਮਿਲਿਆ ਤੇ ਬੱਚੇ ਵੀ ਕਾਫੀ ਉਤਸ਼ਾਹਤ ਸਨ। ਤਿਉਹਾਰ ਮੌਕੇ ਸ਼ਹਿਰ ਵਿੱਚ ਟ੍ਰੈਫਿਕ ਦੀ ਵਿਵਸਥਾ ਨੂੰ ਲੈਕੇ ਚੰਡੀਗੜ੍ਹ ਪੁਲੀਸ ਨੇ ਪੁਖਤਾ ਇੰਤਜਾਮ ਕੀਤੇ ਹੋਏ ਸਨ ਪਰ ਦਸਹਿਰਾ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਕਈ ਸੜਕਾਂ ’ਤੇ ਜਾਮ ਵਰਗੀ ਸਥਿਤੀ ਪੈਦਾ ਹੋ ਗਈ। ਮਠਿਆਈ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।
ਪੰਚਕੂਲਾ (ਪੀ.ਪੀ. ਵਰਮਾ) : ਦਸਹਿਰੇ ਮੌਕੇ ਰਾਮਲੀਲਾ ਕਮੇਟੀਆਂ ਵੱਲੋਂ ਅੱਜ ਸ਼ਾਮ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਗਏ। ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿੱਚ ਵੱਡਾ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਕਾਲਕਾ, ਪਿੰਜੌਰ, ਰਾਏਪੁਰ ਰਾਣੀ ਅਤੇ ਬਰਵਾਲਾ ਵਿੱਚ ਵੀ ਦਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਕਾਲਕਾ ਦੇ ਖੇੜਾ ਸੀਤਾ ਰਾਮ ਵਿੱਚ ਸੀਆਰਾਮ ਨਾਟਕ ਕਲੱਬ ਵੱਲੋਂ ਰਾਵਣ ਦੇ ਪੁਤਲੇ ਫੂਕੇ ਗਏ। ਪੰਚਕੂਲਾ ਪ੍ਰਸ਼ਾਸਨ ਨੇ ਕੋਵਿਡ-19 ਦੇ ਮੱਦੇਨਜ਼ਰ ਇਸ ਸਾਲ ਬਹੁਤ ਘੱਟ ਸੰਸਥਾਵਾਂ ਨੂੰ ਮੇਲਾ ਲਗਾਉਣ ਅਤੇ ਬਦੀ ਦੇ ਪੁਤਲੇ ਫੂਕਣ ਦੀ ਮਨਜ਼ੂਰੀ ਦਿੱਤੀ ਸੀ। ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਹੋਏ ਸਨ ਤੇ ਥਾਂ-ਥਾਂ ਨਾਕੇ ਲਗਾਏ ਹੋਏ ਸਨ। ਸੈਕਟਰਾਂ ਦੇ ਇੰਚਾਰਜਾਂ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮੋਰਨੀ ਇਲਾਕੇ ਵਿੱਚ ਵੀ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ।
ਦਸਹਿਰੇ ਮੌਕੇ ਹੱਕ ਤੇ ਸੱਚ ’ਤੇ ਪਹਿਰਾ ਦੇਣ ਦਾ ਸੁਨੇਹਾ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਤੇ ਆਸਪਾਸ ਦੇ ਪਿੰਡਾਂ ਵਿੱਚ ਅੱਜ ਬਦੀ ਦਸਹਿਰੇ ਦਾ ਤਿਉਹਾਰ ਊਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ ਤੇ ਬਾਜ਼ਾਰਾਂ ਵਿੱਚ ਕਾਫੀ ਰੌਣਕ ਸੀ। ਬਾਬਾ ਬਾਲ ਭਾਰਤੀ ਸ਼ਿਵ ਮੰਦਰ ਕਮੇਟੀ ਅਤੇ ਦਸਹਿਰਾ ਕਮੇਟੀ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਦਸਹਿਰਾ ਮਨਾਇਆ ਗਿਆ ਜਿੱਥੇ ਸਾਬਕਾ ਮੇਅਰ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਲੋਕਾਂ ਨੂੰ ਸਚਾਈ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਆ। ਇਸੇ ਤਰ੍ਹਾਂ ਆਕੁੰਸ਼ ਕਲੱਬ ਵੱਲੋਂ ਇੱਥੋਂ ਦੇ ਫੇਜ਼-1 ਵਿੱਚ ਦਸਹਿਰਾ ਮਨਾਇਆ ਗਿਆ ਜਿਥੇ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੰਦਿਆਂ ਹਮੇਸ਼ਾ ਹੱਕ ਅਤੇ ਸੱਚ ’ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਇੰਜ ਹੀ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਵਾਈਪੀਐਸ ਸਕੂਲ ਵਾਲੇ ਪਾਸੇ ਖਾਲੀ ਪਲਾਟ ਵਿੱਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਵਾਰ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਛੋਟੇ ਆਕਾਰ ਦੇ ਪੁਤਲੇ ਸਾੜੇ ਗਏ ਅਤੇ ਪੂਜਾ ਪਾਠ ਕੀਤਾ ਗਿਆ। ਇਸ ਤੋਂ ਇਲਾਵਾ ਰਾਮ ਲੀਲਾ ਕਮੇਟੀਆਂ ਵੱਲੋਂ ਸੈਕਟਰ ਪੱਧਰ ’ਤੇ ਦਸਹਿਰਾ ਮਨਾਇਆ ਗਿਆ। ਸ਼ਹਿਰ ਵਿੱਚ ਦੇਰ ਸ਼ਾਮ ਤੱਕ ਦਸਹਿਰਾ ਸਮਾਗਮ ਜਾਰੀ ਰਹੇ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ।