ਸਰਬਜੀਤ ਸਿੰਘ ਭੱਟੀ
ਲਾਲੜੂ, 25 ਫਰਵਰੀ
ਲਾਲੜੂ ’ਚ ਨਵੀਂ ਦਾਣਾ ਮੰਡੀ ਹੋਂਦ ਵਿੱਚ ਆਉਣ ਮਗਰੋਂ ਪੁਰਾਣੀ ਦਾਣਾ ਮੰਡੀ ਦੇ ਫੜ੍ਹ ’ਤੇ ਲੋਕਾ ਵਲੋਂ ਕਥਿਤ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਮੰਡੀ ਬੋਰਡ ਦੀ ਕਰੋੜਾਂ ਰੁਪਏ ਸੰਪਤੀ ਖੁਰਦ ਬੁਰਦ ਹੋ ਰਹੀ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਦਾਣਾ ਮੰਡੀ ਦੇ ਫੜ੍ਹ ਤੋਂ ਨਾਜਾਇਜ਼ ਕਬਜ਼ਾ ਹਟਵਾ ਕੇ ਇਸ ਜਗ੍ਹਾ ਨੂੰ ਯੋਜਨਾਬੱਧ ਤਰੀਕੇ ਨਾਲ ਵਿਕਸਤ ਕੀਤਾ ਜਾਵੇ।
ਪੁਰਾਣੀ ਦਾਣਾ ਮੰਡੀ ’ਚ ਦੁਕਾਨਾਂ ਦਾ ਮੂੰਹ ਪੁਰਾਣੀ ਦਾਣਾ ਮੰਡੀ ਦੇ ਫੜ੍ਹ ਵੱਲ ਹੋਣ ਕਾਰਨ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਫੜ੍ਹ ’ਤੇ ਲੋਹੇ ਦੇ ਸ਼ੈੱਡ ਤੇ ਪੌੜੀਆਂ ਲਾ ਲਈਆਂ ਹਨ। ਇਸ ਤੋਂ ਇਲਾਵਾ ਫੜ੍ਹ ਉੱਤੇ ਸੀਮੈਂਟ ਦੇ ਵੱਡੇ-ਵੱਡੇ ਰੈਂਪ ਵੀ ਬਣਾਏ ਹੋਏ ਹਨ, ਜਿਸ ਕਾਰਨ ਫੜ੍ਹ ਨਾਜਾਇਜ਼ ਕਬਜ਼ਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਵੀ ਇਸ ਦੇ ਕੁੱਝ ਹਿੱਸੇ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਛੇਤੀ ਹੀ ਨਾਜਾਇਜ਼ ਕਬਜ਼ੇ ਹਟਾਏ ਜਾਣਗੇ।