ਆਤਿਸ਼ ਗੁਪਤਾ
ਚੰਡੀਗੜ੍ਹ, 24 ਅਗਸਤ
ਸ਼ਹਿਰ ਵਿੱਚ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਭੀੜ ਵਾਲੀਆਂ 12 ਬੂਥ ਮਾਰਕੀਟਾਂ ਵਿੱਚ ਲਾਗੂ ਕੀਤਾ ਔਡ/ਈਵਨ (ਜਿਸਤ/ਟਾਂਕ) ਫਾਰਮੂਲਾ 3 ਸਤੰਬਰ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਸੈਕਟਰ-43 ਵਿੱਚ ਸਥਿਤ ਸਕੂਟਰ ਰਿਪੇਅਰ ਮਾਰਕੀਟ ਵੀ 3 ਸਤੰਬਰ ਤੱਕ ਹਰ ਐਤਵਾਰ ਨੂੰ ਬੰਦ ਰਹੇਗੀ।
ਪ੍ਰਸ਼ਾਸਨ ਨੇ ਸੈਕਟਰ-22 ਦੀ ਮੋਬਾਈਲ ਮਾਰਕੀਟ ਦੀਆਂ ਜਿਨ੍ਹਾਂ 4 ਮਾਰਕੀਟਾਂ ਨੂੰ ਪਹਿਲਾਂ ਬੰਦ ਕੀਤਾ ਸੀ, ਉਹ ਵੀ 3 ਸਤੰਬਰ ਤੱਕ ਬੰਦ ਰਹਿਣਗੀਆਂ। ਇਹ ਆਦੇਸ਼ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਔਡ/ਈਵਨ ਫਾਰਮੂਲੇ ਅਧੀਨ ਆਉਂਦੀ ਮਾਰਕੀਟਾਂ ਵਿੱਚ ਦੀ ਨਿਗਰਾਨੀ ਐੱਸਡੀਐਮ ਅਤੇ ਪੁਲੀਸ ਮੁਲਾਜ਼ਮ ਕਰਨਗੇ।
ਯੂਟੀ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਗਰ ਨਿਗਮ ਨੂੰ ਵੈਂਡਰਾਂ ਦੇ ਕਰੋਨਾ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਤੱਕ ਪ੍ਰਸ਼ਾਸਨ ਵੱਲੋਂ 60 ਵੈਂਡਰਾਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪ੍ਰਸ਼ਾਸਕ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਸੇ ਤਰ੍ਹਾਂ ਸ਼ਹਿਰ ਦੇ ਹੋਰਨਾਂ ਵੈਂਡਰਾਂ ਦੇ ਟੈਸਟ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਦੱਸਣਯੋਗ ਹੈ ਕਿ ਸੁਖਨਾ ਝੀਲ ’ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੀ ਆਵਾਜਾਈ ’ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ ਹਫ਼ਤੇ ਦੇ ਆਖਰੀ ਦਿਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰਨਾਂ ਦੁਕਾਨਾਂ/ਮਾਰਕੀਟਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਕ ਦੇ ਸਲਾਹਕਾਰ ਨੇ ਸਮੂਹ ਐੱਸਡੀਐੱਮਜ਼ ਨੂੰ ਆਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਇਲਾਕੇ ਵਿੱਚ ਮਾਰਕੀਟ ਐਸੋਸੀਏਸ਼ਨ ਨਾਲ ਤਾਲਮੇਲ ਕਰਕੇ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਕਟਰ-18 ਦੀ ਇਲੈਕਟ੍ਰੋਨਿਕ ਮਾਰਕੀਟ, ਸੈਕਟਰ-41 ਦੀ ਕ੍ਰਿਸ਼ਨਾ ਮਾਰਕੀਟ, ਬੁੜੈਲ ਚੌਕ ਮਾਰਕੀਟ ਏਰੀਆ, ਸੈਕਟਰ-22 ਸ਼ਾਸਤਰੀ ਮਾਰਕੀਟ, ਸੈਕਟਰ-15 ਪਟੇਲ ਮਾਰਕੀਟ, ਸੈਕਟਰ-8 ਦੀ ਅੰਦਰਲੀ ਮਾਰਕੀਟ, ਸੈਕਟਰ-20 ਦੀ ਆਜ਼ਾਦ ਮਾਰਕੀਟ, ਸੈਕਟਰ-20 ਦੀ ਪੈਲੇਸ ਮਾਰਕੀਟ, ਸੈਕਟਰ-21 ਦੀ ਬੂਥ ਮਾਰਕੀਟ, ਸੈਕਟਰ-19 ਦਾ ਪਾਲਿਕਾ ਬਾਜ਼ਾਰ ਤੇ ਸਦਰ ਬਾਜ਼ਾਰ ਅਤੇ ਸੈਕਟਰ-27 ਵਿੱਚ ਜਨਤਾ ਮਾਰਕੀਟ ਵਿੱਚ ਔਡ/ਈਵਨ ਫਾਰਮੂਲਾ ਲਾਗੂ ਕੀਤਾ ਗਿਆ ਹੈ ਜਦਕਿ ਸੈਕਟਰ-22 ਦੀ ਮੋਬਾਈਲ ਮਾਰਕੀਟ ਵਿੱਚ ਸਥਿਤ ਰਾਧਾ ਮਾਰਕੀਟ ਦਾ ਐੱਸਸੀਓ ਨੰਬਰ 1010-11, ਅਟਾਰੀ ਮਾਰਕੀਟ ਦਾ ਐੱਸਸੀਓ ਨੰਬਰ 1030-31, ਸਵੀਟੀ ਮਾਰਕੀਟ ਦਾ ਐੱਸਸੀਓ ਨੰਬਰ 1004 ਅਤੇ ਐੱਸਸੀਓ ਨੰਬਰ 1003-04 ਨੂੰ ਬੰਦ ਕੀਤਾ ਹੈ।
ਸੈਕਟਰ-15 ਮਾਰਕੀਟ ਵਿੱਚ ਹੁਕਮਾਂ ਦੀ ਊਲੰਘਣਾ
ਸ਼ਹਿਰ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ 12 ਮਾਰਕੀਟਾਂ ਵਿੱਚ ਔਡ/ਈਵਨ ਫਾਰਮੂਲਾ ਲਾਗੂ ਕੀਤਾ ਹੈ ਜਦਕਿ ਸੈਕਟਰ-15 ਵਿੱਚ ਸਥਿਤ ਪਟੇਲ ਮਾਰਕੀਟ ਵਿੱਚ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਾਰਕੀਟ ਵਿੱਚ ਸ਼ਾਮ 4 ਵਜੇ ਦੇ ਕਰੀਬ ਲਗਭਗ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਪਈਆਂ ਸਨ ਤੇ ਔਡਈਵਨ ਫਾਰਮੂਲੇ ਦੀ ਊਲੰਘਣਾ ਹੋ ਰਹੀ ਸੀ। ਇਸੇ ਦੌਰਾਨ ਊਥੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੇ ਨਾ ਹੀ ਪੁਲੀਸ ਮੁਲਾਜ਼ਮ ਤਾਇਨਾਤ ਸੀ।