ਨਵਾਂ ਗਾਉਂ ਵਿੱਚ ਲੋਕਾਂ ਨਾਲ ਕੀਤੀ ਮੁਲਾਕਾਤ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 25 ਅਕਤੂਬਰ
ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ। ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਦੌਰਾਨ ਨਰਿੰਦਰ ਮੋਦੀ ਨੂੰ ਨੱਥ ਪਾਈ ਹੋਈ ਹੈ ਅਤੇ ਪੰਜਾਬ ਵਿੱਚ ਬਾਦਲਾਂ ਅਤੇ ਕਾਂਗਰਸ ਨੂੰ ‘ਆਪ’ ਹੀ ਨੱਥ ਪਾਵੇਗੀ। ਇਹ ਪ੍ਰਗਟਾਵਾ ‘ਆਪ’ ਦੀ ਹਲਕਾ ਖਰੜ ਤੋਂ ਇੰਚਾਰਜ ਅਤੇ ਉਮੀਦਵਾਰ ਐਲਾਨੀ ਗਈ ਬੀਬੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੇ ਇਲਾਕੇ ਵਿੱਚ ਆਮ ਲੋਕਾਂ ਨਾਲ ਮੁਲਾਕਾਤ ਕਰਦਿਆਂ ਕੀਤਾ। ਬੀਬੀ ਮਾਨ ਨੇ ਸਬਜ਼ੀ ਵਿਕਰੇਤਾ, ਦਰਜੀਆਂ, ਜੁੱਤੀਆਂ ਬਣਾਉਣ ਵਾਲਿਆਂ ਤੇ ਹੋਰ ਦੁਕਾਨਦਾਰਾਂ ਨਾਲ ਮੁਲਾਕਾਤ ਕਰਦਿਆਂ ਨਵਾਂ ਗਾਉਂ ਦੀ ਨੁਹਾਰ ਬਦਲਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਆਪ ਦੇ ਉਮੀਦਵਾਰਾਂ ਨੂੰ ਜਿਤਾ ਕੇ ਇੱਕ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਵੋਟਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਵਰਕਰ ਹਜੂਰਾ ਸਿੰਘ ਬਬਲਾ, ਮੀਨਾ ਵਰਮਾ, ਕੰਨੂ ਸ਼ਰਮਾ, ਕਾਂਤਾ ਸ਼ਰਮਾ, ਚੰਦ ਪ੍ਰਕਾਸ਼, ਗੁਰਪ੍ਰਤਾਪ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਨਵਾਂ ਗਾਉਂ ’ਚ ਦੁਕਾਨਦਾਰਾਂ ਨਾਲ ਗੱਲਬਾਤ ਕਰਦੀ ਹੋਈ ਅਨਮੋਲ ਗਗਨ ਮਾਨ।-ਫੋਟੋ: ਚੰਨੀ