ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਨਵੀਆਂ ਉੱਭਰ ਰਹੀਆਂ ਚੁਣੌਤੀਆਂ ਤੇ ਬਦਲਦੇ ਹਾਲਾਤ ਦੇ ਟਾਕਰੇ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ। ਇਸ ਦੇ ਨਾਲ ਹੀ ਮਜ਼ਬੂਤ ਸੁਰੱਖਿਆ ਤੰਤਰ ਵੀ ਬਣਾਉਣਾ ਪਵੇਗਾ। ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਤੇ ਦੱਖਣੀ ਚੀਨ ਸਾਗਰ ਹਿੰਦ-ਪ੍ਰਸ਼ਾਂਤ ਖਿੱਤੇ ਦੇ ਦੋ ਅਹਿਮ ਹਿੱਸੇ ਹਨ। ਇਸ ਖਿੱਤੇ ਵਿਚ ਕਈ ਤਰ੍ਹਾਂ ਦੇ ਜੋਖ਼ਮ ਤੇ ਚੁਣੌਤੀਆਂ ਦਰਪੇਸ਼ ਹਨ ਜਿੱਥੇ ਸਾਂਝੇ ਉੱਦਮਾਂ ਦੀ ਲੋੜ ਹੈ।
ਭਾਰਤ ਦੀ ਇਸ ਖਿੱਤੇ ਵਿਚ ਪਹੁੰਚ ‘ਸਾਗਰ’ ਦੇ ਸੰਕਲਪ ਉਤੇ ਆਧਾਰਿਤ ਹੋ ਸਕਦੀ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਸਿਆਸੀ, ਭੂਗੋਲਿਕ, ਆਰਥਿਕ, ਵਾਤਾਵਰਨ ਨਾਲ ਜੁੜੀਆਂ ਤੇ ਰਣਨੀਤਕ ਰੂਪ ਵਿਚ ਭਿੰਨ-ਭਿੰਨ ਚੁਣੌਤੀਆਂ ਹਨ। ਸਾਬਕਾ ਜਲ ਸੈਨਾ ਮੁਖੀ ਨੇ ਕਿਹਾ ਕਿ ਘਰੇਲੂ ਸਿਆਸੀ ਹਾਲਾਤ ਦੇ ਮੱਦੇਨਜ਼ਰ ਕੁਝ ਮੁਲਕਾਂ ਨੇ ਆਪਣੀ ਰਣਨੀਤਕ ਪਹੁੰਚ ਵਿਚ ਤਬਦੀਲੀ ਦਾ ਸੰਕੇਤ ਦਿੱਤਾ ਹੈ। ਇਸ ਸਭ ਤੋਂ ਜ਼ਾਹਿਰ ਹੁੰਦਾ ਹੈ ਕਿ ਆਲਮੀ ਪੱਧਰ ਉਤੇ ਤਬਦੀਲੀ ਆ ਰਹੀ ਹੈ ਜਿਸ ਕਾਰਨ ਰਣਨੀਤਕ ਬੇਯਕੀਨੀ ਦਾ ਮਾਹੌਲ ਹੈ। ਹਿੰਦ-ਪ੍ਰਸ਼ਾਂਤ ਖਿੱਤੇ ਦੀ ਆਰਥਿਕ ਪੱਖ ਤੋਂ ਅਹਿਮੀਅਤ ਵਧਣ ਨਾਲ ਪ੍ਰਸ਼ਾਂਤ ਖਿੱਤੇ ਵਿਚ ਖੇਤਰੀ ਤੇ ਇਸ ਤੋਂ ਬਾਹਰਲੀਆਂ ਤਾਕਤਾਂ ਵਿਚਾਲੇ ਮੁਕਾਬਲੇਬਾਜ਼ੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਆਲਮੀ ਅਰਥਚਾਰੇ ਵਿਚ ਤਵਾਜ਼ਨ ਮੁੜ ਤੋਂ ਬੈਠ ਰਿਹਾ ਹੈ ਤੇ ਭਾਰਤ ਤੇ ਚੀਨ ਭਵਿੱਖ ਵਿਚ ਸਭ ਤੋਂ ਵੱਡੇ ਅਰਥਚਾਰੇ ਹੋ ਸਕਦੇ ਹਨ। ਭਾਰਤ-ਚੀਨ ਤੇ ਚੀਨ-ਅਮਰੀਕਾ ਵਿਚਾਲੇ ਚੱਲ ਰਿਹਾ ਟਕਰਾਅ ਹਿੰਦ-ਪ੍ਰਸ਼ਾਂਤ ਖਿੱਤੇ, ਜੋ ਕਿ ਆਲਮੀ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ, ਲਈ ਸੁਖਾਵਾਂ ਨਹੀਂ ਹੈ। ਸਾਹਿਤ ਮੇਲੇ ਦੌਰਾਨ ਵੀਰ ਚੱਕਰ ਜੇਤੂ ਗਰੁੱਪ ਕੈਪਟਨ ਸੀ.ਐੱਸ. ਸੰਧੂ ਨੇ ਪੂਰਬੀ ਸੈਕਟਰ ਵਿਚ ਚੱਲ ਰਹੇ ਵਿਸ਼ੇਸ਼ ਅਪਰੇਸ਼ਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਹੈਲੀਕਾਪਟਰ ਯੂਨਿਟਾਂ ਵੱਲੋਂ ਰਾਤ ਸਮੇਂ ਕੀਤੀ ਸਿਖਲਾਈ ਤੇ ਹੋਰ ਤਿਆਰੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ। ਸਕੁਐਡਰਨ ਲੀਡਰ ਪੀ.ਕੇ. ਵੈਦ ਨੇ ਜੰਗ ਦੇ ਮੈਦਾਨ ਵਿਚ ਰਾਤ ਵੇਲੇ ਸੁਰੱਖਿਆ ਬਲਾਂ ਨੂੰ ਜ਼ਮੀਨ ਉਤੇ ਉਤਾਰਨ ਬਾਰੇ ਤਜਰਬੇ ਸਾਂਝੇ ਕੀਤੇ। ਇਸ ਮੌਕੇ 1971 ਦੀ ਭਾਰਤ-ਪਾਕਿਸਤਾਨ ਜੰਗ ਨੂੰ ਸਮਰਪਿਤ ‘ਬਰੇਵ-ਹਾਰਟਸ’ ਮੋਟਰਸਾਈਕਲ ਰੈਲੀ ਵੀ ਕੱਢੀ।