ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਅਕਤੂਬਰ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ ਕੌਮੀ ਪ੍ਰਾਪਤੀ ਸਰਵੇਖਣ (ਨੈਸ) ਪ੍ਰੀਖਿਆ 12 ਨਵੰਬਰ ਨੂੰ ਕਰਵਾਈ ਜਾਵੇਗੀ, ਜਿਸ ਲਈ ਅੱਜ ਕੇਂਦਰ ਨੇ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਪ੍ਰੀਖਿਆ ਬੋਰਡ ਪ੍ਰੀਖਿਆਵਾਂ ਦੀ ਤਰਜ਼ ’ਤੇ ਓਐੱਮਆਰ ਸ਼ੀਟ ’ਤੇ ਕਰਵਾਈ ਜਾਵੇਗੀ ਤਾਂ ਜੋ ਪ੍ਰੀਖਿਆਵਾਂ ਤੋਂ ਪਹਿਲਾਂ ਤਿਆਰੀ ਹੋ ਸਕੇ। ਇਸ ਪ੍ਰੀਖਿਆ ਦੀ ਤਿਆਰੀ ਵਜੋਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੀ ਮੌਕ ਪ੍ਰੀਖਿਆ 21 ਤੇ 22 ਅਕਤੂਬਰ ਨੂੰ ਕਰਵਾਈ ਗਈ ਸੀ। ਵਿਭਾਗ ਨੇ ਅੱਜ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ 25 ਅਕਤੂਬਰ ਬਾਅਦ ਦੁਪਹਿਰ 2 ਵਜੇ ਤੱਕ ਜਾਰੀ ਕੀਤੇ ਜਾਣ।
ਕੌਮੀ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਲਈ ਜਾਵੇਗੀ। ਇਸ ਪ੍ਰੀਖਿਆ ਲਈ ਚੰਡੀਗੜ੍ਹ ਦੇ 106 ਸਕੂਲਾਂ ਦੀ ਚੋਣ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਆਧਾਰ ’ਤੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਵਿਚ ਵਿਸ਼ੇਸ਼ ਪੜ੍ਹਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਦੀ ਪ੍ਰੀਖਿਆ ਇਕੋ ਦਿਨ ਜਾਵੇਗੀ। ਇਸ ਪ੍ਰੀਖਿਆ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਦੀਆਂ ਖਾਮੀਆਂ ਨੂੰ ਜਾਂਚਿਆ ਜਾਵੇਗਾ। ਇਸ ਪ੍ਰੀਖਿਆ ਵਿਚ ਅਚੀਵਮੈਂਟ ਟੈਸਟ ਅਤੇ ਪੀਪਲ ਕੁਅਸਚਨੇਅਰ ਵੀ ਮੁਕੰਮਲ ਕਰਨੇ ਪੈਣਗੇ।
ਕੁਝ ਦਿਨ ਪਹਿਲਾਂ ਪਤਾ ਲੱਗੇਗਾ ਕਿਹੜੇ ਸਕੂਲਾਂ ’ਚ ਹੋਵੇਗੀ ਪ੍ਰੀਖਿਆ
ਸੀਬੀਐੱਸਈ ਦੇ ਡਾਇਰੈਕਟਰ (ਪੀ ਐਂਡ ਈ) ਮਨੋਜ ਸ੍ਰੀਵਾਸਤਵਾ ਨੇ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ 12 ਨਵੰਬਰ ਵਾਲੇ ਦਿਨ ਕਿਸੇ ਵੀ ਸਕੂਲ ਵਿਚ ਸਾਲਾਨਾ ਸਮਾਗਮ, ਖੇਡ ਦਿਵਸ ਤੇ ਹੋਰ ਗਤੀਵਿਧੀਆਂ ਨਾ ਕਰਵਾਈਆਂ ਜਾਣ। 12 ਨਵੰਬਰ ਨੂੰ ਹੋਣ ਵਾਲੀ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਹੀ ਸਕੂਲਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਕਿਹੜੀ ਜਮਾਤ ਦੇ ਕਿਹੜੇ ਸੈਕਸ਼ਨ ਦੇ ਬੱਚੇ ਪ੍ਰੀਖਿਆ ਦਾ ਹਿੱਸਾ ਬਣਨਗੇ। ਤੀਜੀ ਤੇ ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰ 10.30 ਤੋਂ ਦੁਪਹਿਰ 12 ਵਜੇ ਅਤੇ ਅੱਠਵੀਂ ਤੇ ਦਸਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10.30 ਤੋਂ 12.30 ਵਜੇ ਤੱਕ ਹੋਵੇਗੀ। ਓਐੱਮਆਰ ਸ਼ੀਟ ਵਿਚ ਚਾਰ ਖਾਨੇ ਹੋਣਗੇ ਤੇ ਸਿਰਫ਼ ਸਹੀ ਉੱਤਰ ਵਾਲੇ ਖਾਨੇ ਨੂੰ ਗੂੜ੍ਹਾ ਕਰਨ ’ਤੇ ਹੀ ਅੰਕ ਮਿਲਣਗੇ। ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਕਮਜ਼ੋਰ ਵਿਦਿਆਰਥੀਆਂ ਦੀ ਨਿਸ਼ਾਨਦੇਹੀ ਕਰ ਕੇ ਇਸ ਸਬੰਧੀ ਸੂਚੀ ਵਿਭਾਗ ਨੂੰ ਸੌਂਪਣ।