ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਸਿਟੀ ਬਿਊਟੀਫੁੱਲ ’ਚ ਈਦ-ਉੱਲ-ਜ਼ੁਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਮੁਸਲਿਮ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਮਸਜਿਦਾਂ ਵਿੱਚ ਪਹੁੰਚ ਕੇ ਨਮਾਜ਼ ਪੜ੍ਹਨ ਦੀ ਰਸਮ ਅਦਾ ਕੀਤੀ। ਜਾਣਕਾਰੀ ਮੁਤਾਬਿਕ ਸ਼ਹਿਰ ਦੇ ਸੈਕਟਰ 20 ਸਥਿਤ ਜ਼ਾਮਾ ਮਸਜਿਦ, ਸੈਕਟਰ 26 ਸਥਿਤ ਨੁਰਾਹੀ ਮਸਜਿਦ, ਸੈਕਟਰ- 31, 45, 29 ਅਤੇ ਮਨੀਮਾਜਰਾ ਸਣੇ ਹੋਰਨਾਂ ਥਾਵਾਂ ’ਤੇ ਸਥਿਤ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚੇ, ਜਿਨ੍ਹਾਂ ਨੇ ਨਮਾਜ਼ ਦੀ ਰਸਮ ਅਦਾ ਕਰਨ ਤੋਂ ਬਾਅਦ ਬੱਕਰੇ ਦੀ ਬਲੀ ਦਿੱਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਅੰਬਾਲਾ ਸ਼ਹਿਰ ਅਤੇ ਛਾਉਣੀ ਦੀਆਂ ਪ੍ਰਮੁੱਖ ਮਸਜਿਦਾਂ ਵਿੱਚ ਨਮਾਜ਼ ਅਦਾ ਕਰ ਕੇ ਮਨਾਇਆ ਗਿਆ ਅਤੇ ਮੁਲਕ ਵਿਚ ਅਮਨ ਤੇ ਚੈਨ ਲਈ ਦੁਆ ਕੀਤੀ ਗਈ। ਨਮਾਜ਼ ਅਦਾ ਕਰਨ ਤੋਂ ਬਾਅਦ ਅੰਜੁਮਨ ਇਸਲਾਹੁਲ ਮੁਸਲਮੀਨ (ਮੁਸਲਿਮ ਕਮੇਟੀ) ਦੇ ਜ਼ਿਲ੍ਹਾ ਪ੍ਰਧਾਨ ਸਈਅਦ ਅਹਿਮਦ ਖ਼ਾਨ ਨੇ ਅੰਬਾਲਾ ਵਾਸੀਆਂ ਨੂੰ ਬਕਰੀਦ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਹਜ਼ਰਤ ਇਬਰਾਹੀਮ ਦੇ ਜ਼ਰੀਏ ਆਪਣੇ ਲੜਕੇ ਹਜ਼ਰਤ ਇਸਮਾਈਲ ਦੀ ਅੱਲਾ ਦੇ ਰਾਹ ’ਤੇ ਕੁਰਬਾਨੀ ਦੇਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਸ ਦਾ ਜ਼ਿਕਰ ਮੁਕੱਦਸ ਕੁਰਾਨ ਵਿੱਚ ਹੈ। ਉਨ੍ਹਾਂ ਕਿਹਾ ਕਿ ਈਦ-ਉਲ-ਜੁਹਾ ਯਾਨੀ ਬਕਰੀਦ ਤਿਆਗ ਦੀ ਪਵਿੱਤਰ ਭਾਵਨਾ ਨਾਲ ਭਰਿਆ ਤਿਉਹਾਰ ਹੈ ਜੋ ਸਾਨੂੰ ਵਿਧਵਾਵਾਂ, ਗ਼ਰੀਬਾਂ, ਅਨਾਥਾਂ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਮੁਸਲਿਮ ਕਮੇਟੀ ਦੇ ਮੈਂਬਰ ਅਤੇ ਬੈਤੁਲਮਾਲ ਅਹੁਦੇਦਾਰ ਕਮਰੂਲ ਇਸਲਾਮ, ਜਮੀਲ ਖਾਨ, ਸਾਰਿਕ ਸੈਫੀ ਅਤੇ ਹੋਰ ਪਤਵੰਤੇ ਮੌਜੂਦ ਸਨ।