ਪੱਤਰ ਪ੍ਰੇਰਕ
ਕੁਰਾਲੀ, 1 ਅਕਤੂਬਰ
ਸ਼ਹਿਰ ਵਿੱਚ ਲਗਾਤਾਰ ਹੋ ਰਹੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨੂੰ ਦੇਖਦਿਆਂ ਨਗਰ ਕੌਂਸਲ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਚੌਕਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ।
ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਸੈਨੇਟਰੀ ਇੰਸਪਕੈਟਰ ਰਾਜਿੰਦਰ ਕੁਮਾਰ, ਦਰਸ਼ਨ ਕੁਮਾਰ ਅਤੇ ਸ਼ੇਰ ਸਿੰਘ ਦੀ ਅਗਵਾਈ ਹੇਠ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਨੂੰ ਅੰਜਾਮ ਦਿੱਤਾ। ਕੌਂਸਲ ਦੀ ਟੀਮ ਨੇ ਸਬਜ਼ੀ ਮੰਡੀ, ਸਬਜ਼ੀ ਮੰਡੀ ਚੌਕ, ਮਾਤਾ ਰਾਣੀ ਚੌਕ, ਫੁਹਾਰਾ ਚੌਕ ਅਤੇ ਮੇਨ ਬਾਜ਼ਾਰ ਦੇ ਕੁਝ ਹਿੱਸਿਆਂ ਵਿੱਚ ਅੱਜ ਅਚਨਚੇਤ ਕਾਰਵਾਈ ਕਰਦੇ ਹੋਏ ਸੜਕ ’ਤੇ ਖੜ੍ਹੀਆਂ ਰੇਹੜੀਆਂ ਹਟਾਈਆਂ ਅਤੇ ਕਈਆਂ ਦਾ ਸਾਮਾਨ ਵੀ ਜ਼ਬਤ ਕੀਤਾ। ਇਸ ਦੌਰਾਨ ਦੁਕਾਨਾਂ ਅੱਗੇ ਰੱਖਿਆ ਸਾਮਾਨ ਵੀ ਕਬਜ਼ੇ ਵਿੱਚ ਲਿਆ ਗਿਆ। ਇਸ ਦੌਰਾਨ ਕਈ ਰੇਹੜੀ-ਫੜ੍ਹੀ ਵਾਲੇ ਰੇਹੜੀਆਂ ਛੱਡ ਕੇ ਭੱਜ ਗਏ।
ਸੈਨੇਟਰੀ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਅਤੇ ਸੜਕਾਂ ’ਤੇ ਆਵਾਜਾਈ ਵਿੱਚ ਪੈਂਦੇ ਵਿਘਨ ਨੂੰ ਦੇਖਦਿਆਂ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਅਤੇ ਦੁਕਾਨ ਅੰਦਰ ਸਾਮਾਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਧਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਸ਼ਾਖਾ ਨੂੰ ਹਰ ਰੋਜ਼ ਅਜਿਹੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਤੇ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ ਕਰ ਕੇ ਆਵਾਜਾਈ ’ਚ ਵਿਘਨ ਪਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।