ਮੁੱਖ ਅੰਸ਼
- ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਵੱਧ ਦਰਜ
- ਸ਼ੁੱਕਰਵਾਰ ਤੇ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ
ਆਤਿਸ਼ ਗੁਪਤਾ
ਚੰਡੀਗੜ੍ਹ, 24 ਫਰਵਰੀ
ਸ਼ਹਿਰ ਵਿੱਚ ਬੁੱਧਵਾਰ ਦਾ ਦਿਨ ਫਰਵਰੀ ਮਹੀਨੇ ਦਾ ਸਭ ਤੋਂ ਗਰਮ ਦਿਨ ਰਿਹਾ। ਇਸੇ ਦੌਰਾਨ ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਸੈਲਸੀਅਸ ਵਧ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ 11.6 ਡਿਗਰੀ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਰਿਹਾ। ਫਰਵਰੀ ਮਹੀਨੇ ਵਿੱਚ ਪੈ ਰਹੀ ਗਰਮੀ ਨੇ ਲੋਕਾਂ ਦੇ ਪਸੀਨੇ ਲਿਆ ਦਿੱਤੇ ਹਨ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਏਅਰਪੋਰਟ ਦੇ ਨਜ਼ਦੀਕੀ ਇਲਾਕੇ ਦਾ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਿੰਨ ਮਹੀਨਿਆਂ ਦੀ ਠੰਢ ਤੋਂ ਬਾਅਦ ਅਚਾਨਕ ਮੌਸਮ ਵਿੱਚ ਆਏ ਬਦਲਾਅ ਦੇ ਚਲਦਿਆਂ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਘੁੰਮਣ ਵਾਲੀਆਂ ਹੋਰਨਾਂ ਥਾਵਾਂ ’ਤੇ ਦਿਨ ਭਰ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਇਲੈਕਟ੍ਰਾਨਿਕ ਦੀਆਂ ਦੁਕਾਨਾਂ ’ਤੇ ਵੀ ਪੱਖੇ, ਏਸੀ ਅਤੇ ਹੋਰ ਗਰਮੀਆਂ ਦੇ ਸਾਮਾਨ ਦੀ ਵਿਕਰੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧੇਗਾ। ਇਸੇ ਦੌਰਾਨ ਮਾਰਚ ਮਹੀਨਾ ਨੇੜੇ ਆਉਂਦਿਆਂ ਹੀ ਲੋਕਾਂ ਨੇ ਆਪਣੇ ਗਰਮ ਕੱਪੜੇ ਸਮੇਟਣੇ ਸ਼ੁਰੂ ਕਰ ਦਿੱਤੇ ਹਨ ਤੇ ਕਣਕ ਦੀ ਫਸਲ ਵੀ ਪੱਕਣੀ ਸ਼ੁਰੂ ਹੋ ਗਈ ਹੈ।