ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੱਖਣੀ-ਪੱਛਮੀ ਮੌਨਸੂਨ ਨੇ 15 ਦਿਨ ਪਹਿਲਾਂ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਸ਼ਹਿਰ ਵਿੱਚ ਭਾਰੀ ਮੀਂਹ ਪਿਆ ਹੈ। ਸਵੇਰੇ 5.15 ਤੋਂ 9.30 ਵਜੇ ਤੱਕ ਪਏ ਮੀਂਹ ਨੇ ਮੌਸਮ ਖੁਸ਼ਗਾਵਰ ਕਰ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਅੱਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਸਵੇਰੇ ਤਿੰਨ ਘੰਟੇ ਵਿੱਚ 23 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਜਦੋਂਕਿ 14 ਅਤੇ 15 ਜੂਨ ਨੂੰ ਤੇਜ਼ ਮੀਂਹ ਦੀ ਪੇਸ਼ੀਨਗੋਈ ਕੀਤੀ। ਚੰਡੀਗੜ੍ਹ ਵਿੱਚ ਸ਼ਹਿਰ ਤਿੰਨ ਦਿਨਾਂ ਤੋਂ ਲਗਾਤਾਰ ਰਾਤ ਸਮੇਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਅੱਤਿ ਦੀ ਗਰਮੀ ਤੋਂ ਰਾਹਤ ਦਵਾਈ ਹੈ। ਇਸ ਦੇ ਨਾਲ ਹੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਪਾਰਾ ਵੀ ਆਮ ਨਾਲੋਂ 5 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਕਿ ਆਮ ਨਾਲੋਂ 5 ਡਿਗਰੀ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 21.7 ਡਿਗਰੀ ਸੈਲੀਸਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 3 ਡਿਗਰੀ ਘੱਟ ਸੀ। ਮੌਸਮ ਵਿਭਾਗ ਦੇ ਅਧਿਕਾਰੀ ਸ਼ਿਵਇੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਮੌਨਸੂਨ ਨੇ ਉਮੀਦ ਨਾਲੋਂ 15 ਦਿਨ ਪਹਿਲਾਂ ਦਸਤਕ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 14 ਅਤੇ 15 ਜੂਨ ਨੂੰ ਦੋਵਾਂ ਸੂਬਿਆਂ ਵਿੱਚ ਮੀਂਹ ਪੈਣ ਅਤੇ 50 ਤੋਂ 60 ਕਿਲੋਂਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿੱਚ ਆਈ ਤਬਦੀਲੀ ਕਾਰਨ ਮੌਸਮ ਖੁਸਗਵਾਰ ਹੋ ਗਿਆ ਹੈ। ਪਰ ਐਤਵਾਰ ਨੂੰ ਸ਼ਹਿਰ ਵਿੱਚ ਲਗਾਏ ਗਏ ਕਰਫਿਊ ਕਰਕੇ ਲੋਕ ਸੁਖਨਾ ਝੀਲ, ਰੌਕ ਗਾਰਡਨ ਅਤੇ ਹੋਰਨਾਂ ਪਾਰਕਾਂ ਵੱਲ ਜਾਂਦੇ ਦਿਖਾਈ ਦਿੱਤੇ। ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਐਤਵਾਰ ਨੂੰ ਬੰਦ ਕੀਤੇ ਹੋਣ ਕਰਕੇ ਪੁਲੀਸ ਨੇ ਲੋਕਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਾਈਕਲਿੰਗ ਕਰਕੇ ਠੰਢੀਆਂ ਹਵਾਵਾਂ ਦਾ ਆਨੰਦ ਮਾਨਿਆ। ਦੂਜੇ ਪਾਸੇ ਮੌਸਮ ਵਿੱਚ ਆਈ ਤਬਦੀਲੀ ਨੇ ਬਿਜਲੀ ਦੀ ਮੰਗ ਵੀ ਘਟਾ ਦਿੱਤੀ ਹੈ। ਜਿਸ ਕਾਰਨ ਬਿਜਲੀ ਵਿਭਾਗ ਨੇ ਵੀ ਰਾਹਤ ਮਹਿਸੂਸ ਕੀਤੀ ਹੈ।
ਇਸੇ ਦੌਰਾਨ ਚੰਡੀਗੜ੍ਹ ਵਿੱਚ ਸਵੇਰੇ 5.15 ਤੋਂ 9.30 ਤੱਕ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜਾ ਕਰ ਦਿੱਤਾ ਹੈ। ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੀਂਹ ਕਰਕੇ ਸ਼ਹਿਰ ਦੇ ਬੁੜੈਲ, ਮਨੀਮਾਜਰਾ, ਰਾਮਦਰਬਾਰ ਤੇ ਸੈਕਟਰਾਂ ਦੀਆਂ ਅੰਦਰੂਨੀ ਸੜਕਾਂ ’ਤੇ ਵੀ ਪਾਣੀ ਖੜਾ ਰਿਹਾ। ਇਹ ਪਾਣੀ ਮੀਂਹ ਹਟਣ ਤੋਂ ਕਾਫੀ ਸਮਾਂ ਬਾਅਦ ਪਾਣੀ ਦੀ ਨਿਕਾਸੀ ਹੋ ਸਕੀ ਹੈ। ਇਸ ਬਾਰੇ ਜਾਣਕਾਰੀ ਦਿੰਦੀਆਂ ਬੁੜੈਲ ਮਾਰਕੀਟ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਅਤੇ ਯੂਥ ਕਾਂਗਰਸ ਦੇ ਆਗੂ ਵਿਨਾਇਕ ਬਾਂਗੀਆ ਨੇ ਦੱਸਿਆ ਕਿ ਮੀਂਹ ਨਾਲ ਬੁੜੈਲ ਦੀਆਂ ਸੜਕਾਂ ’ਤੇ ਪਾਣੀ ਖੜਾ ਹੋ ਜਾਂਦਾ ਹੈ। ਜਿਸ ਕਾਰਨ ਆਉਣ-ਜਾਉਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੁੜੈਲ ਦੀਆਂ ਮੁਸ਼ਕਿਲਾਂ ਬਾਰੇ ਕਈ ਵਾਰ ਨਗਰ ਨਿਗਮ ਨੂੰ ਜਾਣੂੰ ਕਰਵਾਇਆ ਗਿਆ ਹੈ ਪਰ ਕੋਈ ਇਸ ਦਾ ਹੱਲ ਨਹੀਂ ਕੱਢ ਸੱਕਿਆ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਆਮਦ ਹੋ ਗਈ ਹੈ। ਹਾਲੇ ਤੱਕ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਨਹੀਂ ਹੋ ਸਕੀ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਮੁਸ਼ਕਿਲ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਨਦੇਖੀ ਕਾਰਨ ਸਿਟੀ ਬਿਊਟੀਫੁੱਲ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ।
ਮੌਸਮ ਵਿਭਾਗ ਦਾ ਅਨੁਮਾਨ ਹੋਇਆ ਫੇਲ੍ਹ
ਰਾਜਧਾਨੀ ਚੰਡੀਗੜ੍ਹ ਵਿੱਚ 15 ਦਿਨ ਪਹਿਲਾਂ ਮੌਨਸੂਨ ਦੀ ਆਮਦ ਨਾਲ ਮੌਸਮ ਵਿਭਾਗ ਦਾ ਅਨੁਮਾਨ ਫੇਲ੍ਹ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਜੂਨ ਦੇ ਆਖੀਰ ਵਿੱਚ ਮੌਨਸੂਨ ਦੀ ਆਮਦ ਦਾ ਦਾਅਵਾ ਜਤਾਇਆ ਜਾ ਰਿਹਾ ਸੀ। ਇੰਨਾ ਹੀ ਨਹੀਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਮੌਸਮ ਵਿਭਾਗ ਜੂਨ ਦੇ ਅਖੀਰ ਵਿੱਚ ਮੌਨਸੂਨ ਦੇ ਆਉਣ ਦਾ ਐਲਾਨ ਕਰ ਰਿਹਾ ਸੀ। ਪਰ ਅਚਾਨਕ 15 ਦਿਨ ਪਹਿਲਾਂ ਹੀ ਮੌਨਸੂਨ ਨੇ ਦਸਤਕ ਦਿੰਦਿਆ ਵਿਭਾਗ ਦਾ ਅਨੁਮਾਨ ਫੇਲ੍ਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਨਸੂਨ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਵੀ ਅੱਧ ਵਿਚਕਾਰ ਰਹਿ ਗਈਆਂ ਹਨ। ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਨਾ ਪੈ ਸਕਦਾ ਹੈ।