ਹਰਜੀਤ ਸਿੰਘ
ਡੇਰਾਬੱਸੀ, 13 ਅਕਤੂਬਰ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਮੁਬਾਰਕਪੁਰ ਸੜਕ ’ਤੇ ਸਥਿਤ ਪੀਸੀਸੀਪੀਐੱਲ ਕੈਮੀਕਲ ਫੈਕਟਰੀ ਤੇ ਬੀਅਰ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਫੈਕਟਰੀ ਦੇ ਅੰਦਰ ਤੇ ਬਾਹਰ ਤੋਂ ਪਾਣੀ ਅਤੇ ਮਿੱਟੀ ਦੇ ਸੈਂਪਲ ਭਰੇ।
ਇਸ ਬਾਰੇ ਵਿਧਾਇਕ ਸ੍ਰੀ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਫੈਲਾਉਣ ਦੀਆਂ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਫੈਕਟਰੀਆਂ ਵੱਲੋਂ ਦੂਸ਼ਿਤ ਪਾਣੀ ਨੇੜੇ ਤੋਂ ਲੰਘਦੇ ਚੋਅ ਵਿੱਚ ਸੁੱਟਣ ਸਬੰਧੀ ਸ਼ਿਕਾਇਤਾਂ ਨੂੰ ਲੈ ਕੇ ਅੱਜ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀਸੀਸੀਪੀਐੱਲ ਫੈਕਟਰੀ ਦੇ ਬਾਹਰ ਤੋਂ ਲੰਘਦੇ ਚੋਅ ਵਿਚਲਾ ਦੂਸ਼ਿਤ ਪਾਣੀ ਇਸ ਗੱਲ ਦਾ ਸਬੂਤ ਹੈ ਕਿ ਇੱਥੇ ਕਿਸੇ ਫੈਕਟਰੀ ਵਿੱਚੋਂ ਦੂਸ਼ਿਤ ਪਾਣੀ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਕੁਝ ਚੋਰ ਮੋਰੀਆਂ ਵੀ ਮਿਲੀਆਂ ਹਨ ਜਿੱਥੋਂ ਮਿੱਟੀ ਦੇ ਸੈਂਪਲ ਭਰਵਾਏ ਗਏ ਹਨ। ਇਸ ਤੋਂ ਇਲਾਵਾ ਨੇੜੇ ਸਥਿਤ ਬੀਅਰ ਫੈਕਟਰੀ ਵਿੱਚ ਜਾ ਕੇ ਜਾਂਚ ਕੀਤੀ ਗਈ। ਬੀਅਰ ਫੈਕਟਰੀ ਵਿੱਚ ਡੂੰਘਾ ਖੂਹ ਬਣਿਆ ਮਿਲਿਆ ਹੈ ਜਿਸ ਵਿੱਚ ਦੂਸ਼ਿਤ ਪਾਣੀ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਖੂਹ ਦੀਆਂ ਇੱਟਾਂ ਕੱਢੀਆਂ ਹੋਈਆਂ ਸਨ ਜਿਸ ਨਾਲ ਦੂਸ਼ਿਤ ਪਾਣੀ ਧਰਤੀ ਵਿੱਚ ਰਸ ਰਿਹਾ ਸੀ। ਉਨ੍ਹਾਂ ਕਿਹਾ ਕਿ ਫੈਕਟਰੀ ਵੱਲੋਂ ਇਸ ਖੇਤਰ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਜਦਕਿ ਰੁਜ਼ਗਾਰ ਬਾਹਰੀ ਖੇਤਰ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਪ੍ਰਦੂਸ਼ਣ ਕਾਰਨ ਘਰ ਘਰ ਵਿੱਚ ਕੈਂਸਰ ਵਰਗੀ ਬਿਮਾਰੀ ਨੇ ਪੈਰ ਪਸਾਰ ਲਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਖ਼ਤ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਨਅਤ ਵੱਲੋਂ ਪ੍ਰਦੂਸ਼ਣ ਫੈਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੌਕੇ ’ਤੇ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਮਗਰੋਂ ਬਣਦੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ। ਮੌਕੇ ’ਤੇ ਹਾਜ਼ਰ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਰੋਕੂ ਬੋਰਡ ਦੇ ਨਿਯਮਾਂ ਮੁਤਾਬਕ ਸਾਰੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਪੂਰੀ ਫੈਕਟਰੀ ਦਾ ਦੌਰਾ ਕਰਵਾਇਆ ਗਿਆ ਹੈ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਜਾਏਗਾ।