ਕਰਮਜੀਤ ਸਿੰਘ ਚਿੱਲਾ
ਬਨੂੜ, 25 ਅਕਤੂਬਰ
ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਨੰਡਿਆਲੀ ਦੇ ਸਾਬਕਾ ਸਰਪੰਚ ਅਤੇ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਸਿੰਘ ਦੀ ਯਾਦ ਵਿੱਚ ਪੰਜਾਬ ਸਰਕਾਰ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਵਾਏਗੀ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿੰਡ ਨੰਡਿਆਲੀ ਵਿੱਚ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਜੰਡੌਲੀ, ਤਰਲੋਚਨ ਸਿੰਘ ਨੰਡਿਆਲੀ, ਹਰਪਾਲ ਸਿੰਘ ਤੋਂ ਇਲਾਵਾ ਸਵਰਗੀ ਕਿਸਾਨ ਆਗੂ ਦੇ ਪਿਤਾ ਕਰਤਾਰ ਸਿੰਘ ਤੇ ਪੁੱਤਰ ਹਰਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਵੀ ਮੌਜੂਦ ਸਨ।
ਸ੍ਰੀ ਕੰਬੋਜ ਨੇ ਆਖਿਆ ਕਿ ਸਵਰਗੀ ਜਸਵੰਤ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਕਿਸਾਨ ਯੂਨੀਅਨ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਪੰਚਾਇਤ ਨੂੰ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਦਸ ਲੱਖ ਰੁਪਏ ਦਾ ਚੈੱਕ ਵੀ ਦਿੱਤਾ ਅਤੇ ਹੋਰ ਰਾਸ਼ੀ ਮੁਹੱਈਆ ਕਰਾਉਣ ਦਾ ਵੀ ਭਰੋਸਾ ਦਿਵਾਇਆ। ਉਨ੍ਹਾਂ ਨੰਡਿਆਲੀ ਪਿੰਡ ਦੀ ਮਹਿਰਾ ਧਰਮਸ਼ਾਲਾ ਲਈ ਦਸ ਲੱਖ ਅਤੇ ਹੋਰ ਵਿਕਾਸ ਕੰਮਾਂ ਲਈ 7.82 ਲੱਖ ਦਾ ਚੈੱਕ ਵੀ ਸਰਪੰਚ ਪੰਚਾਇਤ ਨੂੰ ਸੌਂਪਿਆ।