ਸਰਬਜੀਤ ਸਿੰਘ ਭੱਟੀ
ਲਾਲੜੂ, 17 ਸਤੰਬਰ
ਇਥੋਂ ਦੇ ਨਜ਼ਦੀਕੀ ਪਿੰਡ ਜੌਲਾ ਕਲਾਂ ਵਿੱਚ ਬਿਮਾਰੀ ਨਾਲ ਖਰਾਬ ਹੋਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਇਥੋਂ ਦੇ ਖੇਤਾਂ ਵਿੱਚ ਪੁੱਜੇ ਅਤੇ ਉਨ੍ਹਾ ਪੀੜਤ ਕਿਸਾਨਾਂ ਨੁੂੰ ਭਰੋਸਾ ਦਿਵਾਇਆ ਕਿ ਉਨ੍ਹਾ ਦੀ ਫ਼ਸਲ ਦੇ ਖਰਾਬੇ ਦੀ ਰਿਪੋਰਟ ਬਣਾ ਕੇ ਮੁੱਖ ਮੰਤਰੀ ਨੂੰ ਭੇਜਣਗੇ, ਤਾਂ ਜੋ ਜਿਨ੍ਹਾਂ ਕਿਸਾਨਾ ਦੀ ਫਸਲ ਖਰਾਬ ਹੋਈ ਹੈ, ਉਨ੍ਹਾ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿੱਚ ਆਈ ਬਿਮਾਰੀ ਦੀ ਪੜਤਾਲ ਲਈ ਛੇਤੀ ਹੀ ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀ ਜਾਂਚ ਕਰਨਗੇ ਤਾਂ ਜੋ ਪੀੜਤ ਕਿਸਾਨਾ ਨੁੂੰ ਯੋਗ ਮੁਆਵਜ਼ਾ ਮਿਲ ਸਕੇ। ਇਸ ਮੌਕੇ ਸਰਪੰਚ ਸਤੀਸ਼ ਕੁਮਾਰ, ਪੰਚ ਚੇਤੰਨ ਸਿੰਘ, ਕਿਸਾਨ ਆਗੂ ਗੁਰਚਰਨ ਸਿੰਘ ਟੌਹੜਾ, ਧਰਵਿੰਦਰ ਸਿੰਘ ਜੌਲਾ, ਸੀਸ ਰਾਮ ਨੰਬਰਦਾਰ, ਕਰਨੈਲ ਸਿੰਘ ਜੌਲਾ, ਗੁਰਸੇਵਕ ਸਿੰਘ, ਜੱਸੀ ਸਿੰਘ, ਹਰਮੇਸ ਕੁਮਾਰ, ਮਦਨ ਸਿੰਘ, ਹਰਪ੍ਰੀਤ ਸਿੰਘ ਸਣੇ ਕਿਸਾਨ ਆਗੂ ਮੌਜੂਦ ਸਨ।
ਐੱਸਡੀਐੱਮ ਵੱਲੋਂ ਰੂਪਨਗਰ ਦੇ ਪਿੰਡਾਂ ਦਾ ਦੌਰਾ
ਰੂਪਨਗਰ (ਜਗਮੋਹਨ ਸਿੰਘ): ਇਥੇ ਐੱਸਡੀਐੱਮ ਹਰਬੰਸ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨਾਲ ਅੱਜ ਝੋਨੇ ਦੀ ਬਲੈਕ ਸਟ੍ਰਿੱਕ ਵਾਇਰਸ ਬਿਮਾਰੀ ਦਾ ਜਾਇਜ਼ਾ ਲੈਣ ਲਈ ਪਿੰਡ ਰਣਜੀਤਪੁਰਾ, ਇੰਦਰਪੁਰਾ ਅਤੇ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਬੰਧਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਜਾਵੇਗੀ। ਇਸ ਮੌਕੇ ਹਾਜ਼ਰ ਖੇਤੀਬਾੜੀ ਵਿਕਾਸ ਅਫਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਰਵੇ ਰਾਹੀਂ ਪਤਾ ਲੱਗਿਆ ਹੈ ਕਿ ਲਗਪਗ 50 ਪਿੰਡਾਂ ਵਿੱਚ ਇਸ ਵਾਇਰਸ ਨਾਲ 500 ਤੋਂ 700 ਏਕੜ ਰਕਬਾ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਇਆ ਹੈ।