ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਮਈ
ਮਨਿਸਟਰੀ ਆਫ ਐਜੂਕੇਸ਼ਨ (ਐੱਮਓਈ) ਨੇ ਦੇਸ਼ ਭਰ ਦੇ ਸਕੂਲਾਂ ਨੂੰ ਯੂ-ਡਾਈਸ ਪਲੱਸ ਦਾ ਵੇਰਵਾ ਤੁਰੰਤ ਅਪਲੋਡ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਸੀਬੀਐੱਸਈ ਨੇ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 20 ਮਈ ਤਕ ਵੇਰਵੇ ਅਪਲੋਡ ਨਹੀਂ ਕੀਤੇ ਗਏ ਤਾਂ ਮਾਨਤਾ ਸ਼ਰਤਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਪ੍ਰਾਜੈਕਟ ਨਾਲ ਕੋਈ ਵੀ ਅਧਿਕਾਰੀ ਦੇਸ਼ ਭਰ ਦੇ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਆਧਾਰੀ ਢਾਂਚੇ ਦੀ ਜਾਣਕਾਰੀ ਇਕ ਕਲਿੱਕ ਨਾਲ ਹਾਸਲ ਕਰ ਸਕੇਗਾ। ਇਸ ਨਾਲ ਇਹ ਵੀ ਪਤਾ ਲੱਗੇਗਾ ਕਿ ਸਕੂਲਾਂ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਕੀ ਹੈ ਤੇ ਉਹ ਕਿਹੜੇ ਵਿਸ਼ਿਆਂ ਨੂੰ ਪੜ੍ਹਾ ਰਿਹਾ ਹੈ ਤੇ ਕਿੰਨੀ ਤਨਖਾਹ ਲੈ ਰਿਹਾ ਹੈ। ਇਹ ਪ੍ਰਾਜੈਕਟ ਯੂ-ਡਾਈਸ ਵਲੋਂ ਨਿਊਪਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਸਕੂਲ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਕੋਡ ਦਿੱਤਾ ਜਾਵੇਗਾ। ਇਸ ਕੋਡ ਨੂੰ ਸਕੂਲ ਆਪਣੇ ਪੱਧਰ ’ਤੇ ਭਰਨਗੇ ਤੇ ਅਧਿਕਾਰੀ ਇਸ ਕੋਡ ਰਾਹੀਂ ਸਕੂਲ ਦੇ ਅਧਿਆਪਕਾਂ ਦੀ ਸਾਰੀ ਜਾਣਕਾਰੀ ਦੇਖ ਸਕਣਗੇ। ਇਸ ਤੋਂ ਬਾਅਦ ਸਕੂਲ ਕਿਸੇ ਵੀ ਅਧਿਆਪਕ ਦੇ ਸਕੂਲ ਛੱਡਣ ਤੇ ਨਿਯੁਕਤੀ ਦਾ ਵੇਰਵਾ ਆਨਲਾਈਨ ਅਪਲੋਡ ਕਰਨਗੇ।
ਇਸ ਤੋਂ ਪਹਿਲਾਂ ਵਿਭਾਗ ਨੇ ਸਰਕਾਰੀ ਅਧਿਆਪਕਾਂ ਦਾ ਰਿਕਾਰਡ ਆਪਣੇ ਪੱਧਰ ’ਤੇ ਆਨਲਾਈਨ ਕੀਤਾ ਹੈ ਪਰ ਇਹ ਸਿਰਫ ਪੀਡੀਐੱਫ ਫਾਈਲ ਰਾਹੀਂ ਹੀ ਅਪਲੋਡ ਹੁੰਦਾ ਹੈ। ਇਸ ਪ੍ਰਾਜੈਕਟ ਰਾਹੀਂ ਸਕੂਲ ਆਪ ਜਾਣਕਾਰੀ ਅਪਲੋਡ ਨਹੀਂ ਕਰ ਸਕਦੇ ਸਨ ਤੇ ਉਹ ਸਾਰੀ ਜਾਣਕਾਰੀ ਵਿਭਾਗ ਨੂੰ ਭੇਜਦੇ ਸਨ।
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਵੇਰਵਾ ਵੀ ਹੋਵੇਗਾ ਆਨਲਾਈਨ
ਯੂ-ਡਾਈਸ ਪ੍ਰਾਜੈਕਟ ਨਾਲ ਇਹ ਵੀ ਪਤਾ ਲੱਗੇਗਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਕੀ ਹੈ ਤੇ ਉਹ ਕਿਹੜੇ ਵਿਸ਼ਿਆਂ ਨੂੰ ਪੜ੍ਹਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਵੇਰਵਾ ਵੀ ਆਨਲਾਈਨ ਹੋਵੇਗਾ ਤੇ ਕਿਸੇ ਵਿਸ਼ੇ ਦੇ ਅਧਿਆਪਕਾਂ ਦੀ ਅਣਹੋਂਦ ਵਿੱਚ ਆਨਲਾਈਨ ਰਿਕਾਰਡ ਰਾਹੀਂ ਇਹ ਵੀ ਪਤਾ ਲੱਗ ਜਾਵੇਗਾ ਕਿ ਉਸ ਵਿਸ਼ੇ ਦੀ ਯੋਗਤਾ ਵਾਲਾ ਕੀ ਉਸ ਸਕੂਲ ਵਿਚ ਕੋਈ ਹੋਰ ਵੀ ਅਧਿਆਪਕ ਹੈ ਜਿਸ ਕਰਕੇ ਉਸ ਵਿਸ਼ੇ ਦੀ ਪੱਕੀ ਨਿਯੁਕਤੀ ਤਕ ਉਸ ਵਿਸ਼ੇ ਦੀ ਯੋਗਤਾ ਵਾਲੇ ਅਧਿਆਪਕ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਯੂ-ਡਾਈਸ ਪਲੱਸ ਦੀ ਵੈੱਬਸਾਈਟ ਉੱਤੇ ਅਧਿਆਪਕ ਦਾ ਕੋਡ, ਜਨਮ ਮਿਤੀ, ਟਾਈਪ ਆਫ ਟੀਚਰ, ਆਧਾਰ ਨੰਬਰ, ਕਦੋਂ ਜੁਆਇੰਨ ਕੀਤਾ, ਕੀ ਉਹ ਡੈਪੂਟੇਸ਼ਨ ’ਤੇ ਹੈ ਤਾਂ ਕਿਹੜੇ ਰਾਜ ਤੋਂ ਆਇਆ ਹੈ ਤੇ ਸੂਬੇ ਦੇ ਕਿਸ ਕਿਸ ਸਕੂਲ ਵਿਚ ਉਸ ਦੀ ਨਿਯੁਕਤੀ ਕਿੰਨੇ ਕਿੰਨੇ ਚਿਰ ਵਾਸਤੇ ਹੋਈ ਹੈ, ਅਧਿਆਪਕ ਕਿਸ ਕਲਾਸ ਤੇ ਕਿਹੜੇ ਵਿਸ਼ੇ ਨੂੰ ਪੜ੍ਹਾਉਂਦਾ ਹੈ, ਬਾਰੇ ਜਾਣਕਾਰੀ ਹੋਵੇਗੀ।