ਸੰਜੀਵ ਤੇਜਪਾਲ
ਮੋਰਿੰਡਾ, 23 ਜੂਨ
ਪਿੰਡਾਂ ਵਿਚ ਸਥਾਪਿਤ ਕੀਤੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿਚ ਦੁੱਧ ਉਤਪਾਦਕ ਨਾਲ ਕਥਿਤ ਪੱਖਪਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਦੁੱਧ ਉਤਪਾਦਕ ਸਹਿਕਾਰੀ ਸਭਾ ਗੋਪਾਲਪੁਰ ਵਿਚ ਰੋਜ਼ਾਨਾ 70-80 ਲਿਟਰ ਦੁੱਧ ਪਾਉਂਦੇ ਅਮਰਜੀਤ ਸਿੰਘ ਨੇ ਖ਼ੁਦ ਨਾਲ ਪੱਖਪਾਤ ਹੋਣ ਦੇ ਦੋਸ਼ ਲਗਾਉਂਦਿਆਂ ਦੁੱਧ ਉਤਪਾਦਕ ਸਹਿਕਾਰੀ ਸਭਾ ਅੱਗੇ 50 ਲਿਟਰ ਦੁੱਧ ਡੋਲ੍ਹ ਕੇ ਰੋਸ ਪ੍ਰਗਟ ਕੀਤਾ। ਊਸ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਸਭਾ ਵਿਚ ਦੁੱਧ ਪਾਉਂਦਾ ਆ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਹਿਕਾਰੀ ਸਭਾ ਦਾ ਸੈਕਟਰੀ ਉਸ ਨਾਲ ਕਥਿਤ ਤੌਰ ’ਤੇ ਪੱਖਪਾਤ ਕਰਦਾ ਹੈ ਅਤੇ ਉਸ ਦੇ ਦੁੱਧ ਦੀ ਫੈਟ ਜਾਂ ਐੱਸਐਨ ਐਫ ਘੱਟ ਦਰਜ ਕਰਦਾ ਹੈ। ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਸੈਕਟਰੀ ਨੂੰ ਫੈਟ ਘੱਟ ਲਿਖਣ ਦਾ ਕਾਰਨ ਪੁੱਛਦਾ ਹੈ ਤਾਂ ਸੈਕਟਰੀ ਉਸ ਨਾਲ ਝਗੜਾ ਕਰਦਾ ਹੈ। ਉਸ ਨੇ ਕਿਹਾ ਕਿ ਸੈਕਟਰੀ ਨੇ ਸਹਿਕਾਰੀ ਸਭਾ ਦੇ ਹੋਰਨਾਂ ਮੈਂਬਰਾਂ ਨਾਲ ਲੈਕੇ ਮਤਾ ਪਾ ਕੇ ਉਸ ਨੂੰ ਸਹਿਕਾਰੀ ਸਭਾ ਵਿਚ ਦੁੱਧ ਪਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਊਸ ਨੇ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਅਤੇ ਜਨਰਲ ਮੈਨੇਜਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਸੈਕਟਰੀ ਨੇ ਦੋਧੀ ’ਤੇ ਝਗੜਾ ਕਰਨ ਦਾ ਲਗਾਇਆ ਦੋਸ਼
ਸਭਾ ਦੇ ਸੈਕਟਰੀ ਦਿਲਬਾਗ ਸਿੰਘ ਨੇ ਕਿਹਾ ਕਿ ਅਮਰਜੀਤ ਤੋਂ ਦੁੱਧ ਨਾ ਪਵਾਊਣ ਦਾ ਫੈਸਲਾ ਕਮੇਟੀ ਦਾ ਹੈ। ਜਦੋਂ ਉਨ੍ਹਾਂ ਤੋਂ ਦੁੱਧ ਦੀ ਗੁਣਵੱਤਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੁੱਧ ਦੀ ਗੁਣਵੱਤਾ ਤਾਂ ਇੰਨੀ ਖਰਾਬ ਨਹੀਂ ਪਰ ਅਮਰਜੀਤ ਸਿੰਘ ਸਹਿਕਾਰੀ ਸਭਾ ਵਿੱਚ ਆ ਕੇ ਲੜਾਈ ਝਗੜਾ ਕਰਦਾ ਰਹਿੰਦਾ ਹੈ ਅਤੇ ਪਹਿਲਾਂ ਵੀ ਉਸ ਵਿਰੁੱਧ ਮਤੇ ਪਾਏ ਗਏ ਹਨ। ਇਸੇ ਦੌਰਾਨ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਹਰਚੰਦ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਿੰਡ ਆ ਕੇ ਗੱਲ ਕੀਤੀ ਜਾਵੇ। ਇਸੇ ਤਰ੍ਹਾਂ ਮਿਲਕ ਪਲਾਂਟ ਮੁਹਾਲੀ ਦੇ ਮੈਨੇਜਰ (ਪ੍ਰਕਿਊਰਮੈਂਟ) ਏ.ਕੇ. ਮਿਸ਼ਰਾ ਨੇ ਕਿਹਾ ਕਿ ਮਾਮਲਾ ਪਿੰਡ ਵਾਸੀਆਂ ਦੀ ਆਪਸੀ ਰੰਜਿਸ਼ ਦਾ ਹੈ ਜਿਸ ਨੂੰ ਛੇਤੀ ਹੀ ਸੁਲਝਾਇਆ ਲਿਆ ਜਾਵੇਗਾ।