ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਅਕਤੂਬਰ
ਪਿਛਲੇ ਲੰਮੇ ਸਮੇਂ ਤੋਂ ਮਿੱਡ-ਡੇਅ ਮੀਲ ਸਕੀਮ ਤਹਿਤ ਰਾਸ਼ੀ, ਕਣਕ ਅਤੇ ਚੌਲ ਨਾ ਆਉਣ ਕਾਰਨ ਜ਼ਿਆਦਾਤਰ ਪ੍ਰਾਇਮਰੀ ਸਕੂਲਾਂ ਦੇ ਮੁਖੀ ਅਤੇ ਮਿੱਡ-ਡੇਅ ਮੀਲ ਇੰਚਾਰਜ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਕਾਫ਼ੀ ਸਕੂਲਾਂ ਵਿੱਚ ਨਾ ਕਣਕ ਹੈ, ਨਾ ਚੌਲ ਅਤੇ ਨਾ ਹੀ ਲੋੜੀਂਦੀ ਰਾਸ਼ੀ ਉਪਲਬਧ ਹੈ। ਕਾਫ਼ੀ ਸਕੂਲਾਂ ਦੇ ਅਧਿਆਪਕ ਆਪਣੀ ਜੇਬ ’ਚੋਂ ਖ਼ਰਚ ਕਰਕੇ ਅਤੇ ਚੱਕੀਆ ਤੋਂ ਉਧਾਰ ਆਟਾ ਮੰਗ ਕੇ ਡੰਗ ਟਪਾ ਰਹੇ ਹਨ। ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਤੁਰੰਤ ਮਿਡ-ਡੇਅ-ਮੀਲ ਦੀ ਰਾਸ਼ੀ ਜਾਰੀ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਅੱਜ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਸਮਾਜ ਭਲਾਈ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਵੱਡੇ ਸਕੂਲਾਂ ਦੀ ਹੱਥੋਂ ਮਿਲੀ ਰਾਸ਼ੀ ਜਿਨ੍ਹਾਂ ਵਿੱਚ ਗੜੱਦੀ 24,207 ਰੁਪਏ, ਮੋਫ਼ਰ 15000 ਰੁਪਏ, ਭਾਦੜਾ 20932 ਰੁਪਏ, ਹੀਰੋ ਖੁਰਦ 24445 ਰੁਪਏ, ਬੀਰੋਕੇ ਕਲਾਂ 13931 ਰੁਪਏ, ਦੋਦੜਾ 30269 ਰੁਪਏ, ਕੋਰਵਾਲਾ 22833 ਰੁਪਏ, ਲਾਲਿਆਵਾਲੀ 31452 ਰੁਪਏ ਰਾਸ਼ੀ ਆਪਣੀਆਂ ਜੇਬਾਂ ’ਚੋਂ ਖ਼ਰਚ ਕਰ ਚੁੱਕੇ ਹਨ।
ਸਰਕਾਰ ਨੂੰ ਪੱਤਰ ਲਿਖਿਆ: ਡੀਪੀਆਈ
ਡੀਪੀਆਈ (ਪ੍ਰਾਇਮਰੀ) ਹਰਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਜਿਵੇਂ ਹੀ ਲੋੜੀਂਦੇ ਫੰਡ ਉਪਲਬਧ ਹੋਣਗੇ ਤਾਂ ਤੁਰੰਤ ਸਕੂਲਾਂ ਨੂੰ ਰਾਸ਼ੀ ਰਿਲੀਜ਼ ਕਰ ਦਿੱਤੀ ਜਾਵੇਗੀ। ਕਣਕ ਅਤੇ ਚੌਲ ਪਨਸਪ ਅਤੇ ਹੋਰ ਅਧਿਕਾਰਤ ਏਜੰਸੀਆਂ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਸਮੱਗਰੀ ਮਿਲਣ ’ਤੇ ਸਬੰਧਤ ਸਕੂਲਾਂ ਨੂੰ ਲੋੜ ਅਨੁਸਾਰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।