ਪੱਤਰ ਪ੍ਰੇਰਕ
ਮੋਰਿੰਡਾ, 13 ਜਨਵਰੀ
ਪਿੰਡ ਸਹੇੜੀ ਦੇ ਨੈਸ਼ਨਲ ਆਈਡਲ ਕਾਨਵੈਂਟ ਸਕੂਲ ਵਿੱਚ ਕੁੜੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਸ਼ਿਰਕਤ ਕੀਤੀ। । ਇਸ ਮੌਕੇ ਸਕੂਲ ਪ੍ਰਿੰਸੀਪਲ ਵਿਜੈ, ਸਤਨਾਮ ਸਿੰਘ ਕੋਚ, ਜਸਪ੍ਰੀਤ ਸਿੰਘ, ਨਵਜੋਤ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ, ਨੀਰੂ ਬਾਲਾ, ਹਰਸ਼ਰਨ ਕੌਰ, ਪਾਰੁਲ ਸ਼ਰਮਾ ਮੌਜੂਦ ਸਨ।
ਖਮਾਣੋਂ ਨਿੱਜੀ ਪੱਤਰ ਪ੍ਰੇਰਕ): ਐੱਸਡੀਐੱਮ ਖਮਾਣੋਂ ਪਰਲੀਨ ਕੌਰ ਕਾਲੇਕਾ ਨੇ ਅੱਜ ਲੋਹੜੀ ਦਾ ਤਿਉਹਾਰ ਸਟਾਫ ਮੈਂਬਰਾਂ ਦੀ ਮੌਜੂਦਗੀ ਵਿੱਚ ਮਨਾਇਆ। ਸਮਾਗਮ ਦੌਰਾਨ ਤਹਿਸੀਲ ਕੰਪਲੈਕਸ ਅੱਗੇ ਲੋਹੜੀ ਬਾਲੀ ਗਈ। ਇਸ ਮੌਕੇ ਜਸਪਾਲ ਸਿੰਘ, ਬਲਜਿੰਦਰ ਸਿੰਘ, ਸੰਦੀਪ ਸਿੰਘ , ਐਡਵੋਕੇਟ ਸਤਿੰਦਰਜੀਤ ਸਿੰਘ ਬਾਜਵਾ, ਗੁਰਚਰਨ ਸਿੰਘ ਗੋਸਲ਼ਾਂ ਹਾਜ਼ਰ ਸੀ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬੀਬੀ ਸ਼ਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਕਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਲੋਹੜੀ ਮਨਾਈ ਗਈ। ਮਗਰੋਂ ਮੂੰਗਫਲੀਆਂ ਅਤੇ ਰਿਓੜੀਆਂ ਵੀ ਵੰਡੀਆਂ ਗਈਆਂ।
ਕੁਰਾਲੀ (ਪੱਤਰ ਪ੍ਰੇਰਕ): ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਮਨਾਈ ਗਈ। ਪ੍ਰਿੰਸੀਪਲ ਪੁਸ਼ਪਿੰਦਰ ਕੌਰ ਨੇ ਸਮੂਹ ਸਟਾਫ਼ ਨੂੰ ਲੋਹੜੀ ਦੇ ਤਿਓਹਾਰ ਦੀਆਂ ਸ਼ੁਭ ਇੱਛਾਵਾਂ ਭੇਟ ਕੀਤੀਆਂ।
ਖਰੜ (ਪੱਤਰ ਪ੍ਰੇਰਕ): ਗਿਲਕੋ ਗਰੁੱਪ ਦੇ ਸੰਸਥਾਪਕ ਅਤੇ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਗਿਲਕੋ ਗਰੁੱਪ ਆਫ ਕੰਪਨੀਜ਼ ਦੇ ਸਮੂਹ ਸਟਾਫ ਨਾਲ ਮਿਲ ਕੇ ਲੋਹੜੀ ਮਨਾਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਇੱਥੇ ਨਵਾਂ ਗਾਉਂ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ, ਸ਼ਹਿਰਾਂ ਵਿਚ ਅੱਜ ਲੋਹੜੀ ਮਨਾਈ ਗਈ। ਨਵਜੰਮੀਆਂ ਲੜਕੀਆਂ ਅਤੇ ਲੜਕਿਆਂ ਦੀ ਖੁਸ਼ੀ ਵਿਚ ਉਨ੍ਹਾਂ ਦੀਆਂ ਮਾਵਾਂ ਵੱਲੋਂ ਰਿਉੜੀਆਂ,ਗੱਚਕ, ਮੂੰਗਫਲੀ ਅਤੇ ਹੋਰ ਉਪਹਾਰ ਵੰਡੇ ਗਏ। ਲੋਕਾਂ ਨੇ ਲੱਕੜੀਆਂ ਅਤੇ ਪਾਥੀਆਂ ਨਾਲ ਅੱਗ ਬਾਲ ਕੇ ਲੋਹੜੀ ਮਨਾਈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁੱਢਲਾ ਸਿਹਤ ਕੇਦਰ ਭਗੜਾਣਾ ਵਿਚ ਇਸ ਮੌਕੇ ਸਮਾਗਮ ਦੌਰਾਨ ਮੁਲਾਜ਼ਮਾਂ ਵੱਲੋਂ ਪਿੰਡ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਲੜਕੀਆਂ ਦੀ ਲੋਹੜੀ ਮਨਾਈ ਗਈ।
ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਕੁਇਜ਼ ਵਿੱਚ ਡਾਲੀ ਤੇ ਸੁਖਦੇਵ ਅੱਵਲ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨ-ਸੰਚਾਰ ਦੇ ਵਿਦਿਆਰਥੀਆਂ ਵੱਲੋਂ ਆਨਲਾਈਨ ਲੋਹੜੀ ਮਨਾਈ ਗਈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸਮੀਰ ਸਿੰਘ, ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਲੋਹੜੀ ਸਬੰਧੀ ਲੋਕ ਗੀਤ ਅਤੇ ਦੁੱਲਾ ਭੱਟੀ ਅਤੇ ਸੁੰਦਰ ਮੁੰਦਰੀ ਨਾਲ ਸਭਿਆਚਾਰਕ ਕੁਇਜ ਕਰਵਾਏ। ਇਸ ਵਿੱਚ ਐੱਮਏ ਜੇਐੱਮਸੀ ਭਾਗ ਪਹਿਲਾ ਦਾ ਵਿਦਿਆਰਥੀ ਡਾਲੀ ਸਿੰਘ ਸਾਹ ਅਤੇ ਸੁਖਦੇਵ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਕਿ ਬੀਏ ਜੇਐੱਮਸੀ ਭਾਗ ਦੂਜਾ ਦੀ ਅੰਮ੍ਰਿਤਪਾਲ ਕੌਰ ਅਤੇ ਭਾਗ ਪਹਿਲਾ ਦੀ ਅਮਨਦੀਪ ਕੌਰ ਨੇ ਸਾਂਝੇ ਤੌਰ ਤੇ ਦੂਸਰਾ ਅਤੇ ਸਿਮਰਨਜੀਤ ਕੌਰ ਭਾਗ ਦੂਸਰਾ ਨੇ ਤੀਜਾ ਸਥਾਨ ਹਾਸਲ ਕੀਤਾ।
ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਘਰ-ਘਰ ਜਾ ਕੇ ਲੋਹੜੀ ਵੰਡੀ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਘਰ ਘਰ ਜਾ ਕੇ ਲੋਹੜੀ ਵੰਡੀ। ਉਨ੍ਹਾਂ ਕਿਹਾ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਭੱਤਿਆਂ ਵਿੱਚ ਕੀਤੇ ਵਾਧੇ ਕਾਰਨ ਇਨ੍ਹਾ ਵਰਕਰਾਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਇਨ੍ਹਾਂ ਨੇ ਇਸ ਮੌਕੇ ‘ਤੇ ਚੰਨੀ ਸਰਕਾਰ ਦਾ ਧੰਨਵਾਦ ਵੀ ਕੀਤਾ।
ਵੈਬਿਨਾਰ ਰਾਹੀਂ ਵਿਦਿਆਰਥੀਆਂ ਤੇ ਮਾਪਿਆਂ ਤੱਕ ਪਹੁੰਚ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿੱਚ ਲੋਹੜੀ ਮਨਾਈ ਗਈ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦਾ ਪ੍ਰਬੰਧ ਅਧਿਆਪਕਾਂ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਯੂ-ਟਿਊਬ ਦੇ ਮਾਧਿਅਮ ਰਾਹੀਂ ਇਸ ਤਿਉਹਾਰ ਦਾ ਹਿੱਸਾ ਬਣਾਇਆ ਗਿਆ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਲੋਹੜੀ ਦੇ ਗੀਤ ਗਾਏ ਗਏ, ਗਿੱਧਾ,ਭੰਗੜਾ ਪਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਡਾਕਟਰ ਸੁਨੀਲ ਗੁਪਤਾ, ਡਾਕਟਰ ਸੰਜੀਵ ਸ਼ਰਮਾ ਸ਼ਾਮਲ ਸਨ।
ਨਵਜੰਮੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਭੇਟ
ਐੱਸਏਐੱਸ ਨਗਰ (ਖੇਤਰੀ ਪ੍ਰਤੀਨਿਧ): ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੇਜ਼ ਦੋ, ਗਿਆਰਾਂ ਅਤੇ ਸੈਕਟਰ 67 ਵਿੱਚ ਸਥਾਨਕ ਵਸਨੀਕਾਂ ਵੱਲੋਂ ਕਰਾਏ ਸਮਾਰੋਹਾਂ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨਵ ਜੰਮੀਆਂ ਧੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਵੀ ਭੇਟ ਕੀਤੇ।
ਸਰਕਾਰੀ ਹਸਪਤਾਲ ਦੇ ਵਿਹੜੇ ਵਿੱਚ ਮਨਾਈ ਨਵਜੰਮੀਆਂ ਦੀ ਲੋਹੜੀ
ਐੱਸਏਐਸ ਨਗਰ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਨਵਜੰਮੀਆਂ ਧੀਆਂ ਤੇ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਵੰਡੇ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਿਹਤ ਵਿਭਾਗ ਲਈ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਪੰਜਾਬ ਦੇ ਮੱਥੇ ’ਤੇ ਲੱਗਾ ‘ਕੁੜੀ ਮਾਰ’ ਦਾ ਕਲੰਕ ਧੋਣ ਵਿੱਚ ਵਿਭਾਗ ਨੇ ਵੱਡਾ ਰੋਲ ਨਿਭਾਇਆ ਹੈ। ਸਮਾਗਮ ਵਿੱਚ ਲੋਹੜੀ ਦੀ ਧੂਣੀ ਬਾਲੀ ਗਈ ਅਤੇ ਲੋਹੜੀ ਦੇ ਗੀਤ ਗਾਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੀ ਲੋਹੜੀ ਸਮਾਗਮ ਕਰਵਾਏ ਗਏ।