ਹਰਜੀਤ ਸਿੰਘ
ਜ਼ੀਰਕਪੁਰ, 6 ਜੁਲਾਈ
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੰਘੇ ਦਿਨੀਂ ਨਗਰ ਕੌਂਸਲ ਜ਼ੀਰਕਪੁਰ ਅਤੇ ਨਗਰ ਕੌਂਸਲ ਖਰੜ ਦੇ ਨਗਰ ਨਿਗਮ ਮੁਹਾਲੀ ਵਿੱਚ ਰਲੇਵੇ ਸਬੰਧੀ ਸਥਾਨਕ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਇਸ ਸੰਬਧੀ ਕੱਲ੍ਹ ਬੁੱਧਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਸਮੂਹ ਨਗਰ ਯੋਜਨਾਕਾਰਾਂ ਨੂੰ ਸੱਦ ਕੇ ਉਨ੍ਹਾਂ ਦੀ ਰਾਏ ਤੇ ਸੁਝਾਅ ਮੰਗੇ ਜਾਣੇ ਸਨ ਪਰ ਕਿਸੇ ਕਾਰਨ ਤੋਂ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਨੂੰ ਰੱਦ ਕਰਨ ਦਾ ਕਾਰਨ ਤਿੰਨੋਂ ਸ਼ਹਿਰਾਂ ਵਿੱਚ ਇਸ ਤਜਵੀਜ਼ ਦੇ ਹੋ ਰਹੇ ਭਾਰੀ ਵਿਰੋਧ ਨੂੰ ਮੰਨਿਆ ਜਾ ਰਿਹਾ ਹੈ। ਲੰਘੇ ਕੱਲ੍ਹ ਦੀ ਮੀਟਿੰਗ ਵਿੱਚ ਇਸ ਯੋਜਨਾ ’ਤੇ ਚਰਚਾ ਕੀਤੀ ਜਾਣੀ ਸੀ। ਸਥਾਨਕ ਸਰਕਾਰਾਂ ਵਿਭਾਗ ਨੇ ਜ਼ੀਰਕਪੁਰ ਅਤੇ ਖਰੜ ਨਗਰ ਕੌਂਸਲਾਂ ਦੀ ਹਦੂਦ ਅੰਦਰ ਪੈਂਦੇ ਇਲਾਕੇ ਦੇ ਯੋਜਨਾਬੱਧ ਵਿਕਾਸ ਲਈ ਦੋਹਾਂ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਦਾ ਮੁਹਾਲੀ ਨਗਰ ਨਿਗਮ ਵਿੱਚ ਰਲੇਵਾਂ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਇਸ ਸਬੰਧੀ ਵਿਭਾਗ ਵੱਲੋਂ ਇਕ ਪੱਤਰ ਕੱਢ ਕੇ ਟਾਊਨ ਪਲਾਨਰਾਂ ਨੂੰ ਤਿੰਨੋਂ ਨਗਰ ਕੌਂਸਲਾਂ ਦਾ ਮੁਕੰਮਲ ਖਾਕਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ 5 ਜੁਲਾਈ ਨੂੰ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਇਸ ਦੇ ਨਾਲ ਹੀ ਮੁਹਾਲੀ, ਜ਼ੀਰਕਪੁਰ ਅਤੇ ਖਰੜ ਨਗਰ ਕੌਂਸਲਾਂ ਨੂੰ ਰਲਾ ਕੇ ਨਗਰ ਨਿਗਮ ਬਣਾਉਣ ਦੇ ਫਾਇਦੇ ਅਤੇ ਨੁਕਸਾਨ ਵੀ ਵਿਚਾਰੇ ਜਾਣੇ ਸਨ। ਚਿੱਠੀ ਵਿਚ ਵਿਭਾਗ ਦੇ ਟਾਊਨ ਪਲਾਨਰਾਂ ਨੂੰ ਤਿੰਨੋਂ ਸ਼ਹਿਰਾਂ ਦਾ ਵੱਖਰਾ ਰੰਗ ਭਰ ਕੇ ਸਾਂਝਾ ਨਕਸ਼ਾ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਸੀ।
ਚੰਡੀਗੜ੍ਹ ਦੇ ਸੈਕਟਰ-35 ਸਥਿਤ ਵਿਭਾਗ ਦੇ ਮੁੱਖ ਦਫਤਰ ਹੋਣ ਵਾਲੀ ਇਸ ਮੀਟਿੰਗ ਵਿੱਚ ਤਿੰਨੋਂ ਸ਼ਹਿਰਾਂ ਨੂੰ ਰਲਾਉਣ ਮਗਰੋਂ ਇਸ ਦੀ ਹੋਣ ਵਾਲੀ ਸੰਭਾਵੀ ਆਮਦਨ ਅਤੇ ਖਰਚੇ ਬਾਰੇ ਵੀ ਪੂਰੀ ਜਾਣਕਾਰੀ ਮੰਗੀ ਗਈ ਸੀ। ਇਸ ਤੋਂ ਇਲਾਵਾ ਰਲੇਵੇਂ ਲਈ ਤਕਨੀਕੀ ਦਿੱਕਤਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਬਾਰੇ ਏਜੰਡਾ ਤਿਆਰ ਕਰਨ ਲਈ ਵੀ ਕਿਹਾ ਗਿਆ ਸੀ।
ਇਸ ਬਾਰੇ ਵਿਭਾਗ ਵੱਲੋਂ ਕੱਢੀ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਵਿਭਾਗ ਵੱਲੋਂ ਇਸ ਸਬੰਧੀ ਆਮ ਲੋਕਾਂ ਤੋਂ ਇਲਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ ਜਿਸ ਕਾਰਨ ਇਸ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ।
ਜ਼ੀਰਕਪੁਰ ਕੌਂਸਲ ਨੂੰ ਮੁਹਾਲੀ ਨਿਗਮ ’ਚ ਮਿਲਾਉਣ ਦੇ ਹੱਕ ’ਚ ਨਹੀਂ ਹਾਂ: ਰੰਧਾਵਾ
ਇਸ ਬਾਰੇ ਗੱਲ ਕਰਨ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਜ਼ੀਰਕਪੁਰ ਨਗਰ ਕੌਂਸਲ ਨੂੰ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੇ ਹੱਕ ਵਿੱਚ ਨਹੀਂ ਹਨ ਬਲਕਿ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਨੂੰ ਰਲਾ ਕੇ ਨਗਰ ਨਿਗਮ ਬਣਾਉਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਇਸ ਬਾਰੇ ਬੇਨਤੀ ਕਰਨਗੇ।