ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਕਤੂਬਰ
ਮੁੱਖ ਅੰਸ਼
- ਕੈਂਥ ਵੱਲੋਂ ਇਕ ਅਧਿਕਾਰੀ ਦੇ ਹਵਾਲੇ ਨਾਲ ਕਮਿਸ਼ਨਰ ’ਤੇ ਫਾਈਲਾਂ ਦਾ ਸਮੇਂ ਸਿਰ ਨਿਪਟਾਰਾ ਨਾ ਕਰਨ ਦਾ ਦੋਸ਼
- ਕਮਿਸ਼ਨਰ ਵੱਲੋਂ ਗੈਰ-ਜ਼ਿੰਮੇਵਾਰ ਬਿਆਨਬਾਜ਼ੀ ਕਰਨ ਵਾਲੇ ਅਫ਼ਸਰ ਖ਼ਿਲਾਫ਼ ਜਾਂਚ ਦੇ ਹੁਕਮ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਅਧਿਕਾਰੀਆਂ ’ਤੇ ਭਾਰੂ ਪਈ। ਮੀਟਿੰਗ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਕੌਂਸਲਰ ਵੱਲੋਂ ਨਿਗਮ ਕਮਿਸ਼ਨਰ ’ਤੇ ਨਿਗਮ ਨਾਲ ਸਬੰਧਤ ਕਾਰਜਾਂ ਦੀਆਂ ਫਾਈਲਾਂ ਦਾ ਸਮੇਂ ਸਿਰ ਨਿਪਟਾਰਾ ਨਾ ਕਰਨ ਦਾ ਦੋਸ਼ ਲਗਾਇਆ ਗਿਆ ਉੱਥੇ ਹੀ ਭਾਜਪਾ ਕੌਂਸਲਰਾਂ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਜ਼ਿੰਮਾ ਸੰਭਾਲ ਰਹੀ ਨਿੱਜੀ ਕੰਪਨੀ ਦੇ ਠੇਕੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅਗਲੀ ਪ੍ਰੀਕਿਰਿਆ ਸ਼ੁਰੂ ਨਾ ਹੋਣ ’ਤੇ ਨਿਗਮ ਅਧਿਕਾਰੀਆਂ ਨੂੰ ਘੇਰਿਆ। ਮੀਟਿੰਗ ਵਿੱਚ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ।
ਨਗਰ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੇ ਨਿਗਮ ਕਮਿਸ਼ਨਰ ’ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਫਾਈਲਾਂ ਦਾ ਨਿਪਟਾਰਾ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨਿਗਮ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਨਿਗਮ ਨਾਲ ਸਬੰਧਤ ਫਾਈਲਾਂ ਨਿਗਮ ਦੇ ਕਮਿਸ਼ਨਰ ਦਫ਼ਤਰ ਵਿੱਚ ਪੈਂਡਿੰਗ ਪਈਆਂ ਹੋਈਆਂ ਹਨ।
ਇਸ ਸਬੰਧੀ ਨਿਗਮ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੀ ਇੱਕ ਵੀ ਫਾਈਲ ਉਨ੍ਹਾਂ ਦੇ ਦਫਤਰ ਵਿੱਚ ਪੈਂਡਿੰਗ ਨਹੀਂ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਉਹ ਲਿਖਤ ਵਿੱਚ ਮੁਆਫੀ ਮੰਗਣ ਲਈ ਤਿਆਰ ਹਨ। ਉਨ੍ਹਾਂ ਕੈਂਥ ਤੋਂ ਅਜਿਹੀ ਗੈਰ-ਜ਼ਿੰਮੇਵਾਰ ਬਿਆਨਬਾਜ਼ੀ ਕਰਨ ਵਾਲੇ ਅਫਸਰ ਦਾ ਨਾਮ ਪੁੱਛਿਆ ਤਾਂ ਜੋ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮਾਮਲੇ ਨੂੰ ਲੈ ਕੇ ਹਾਊਸ ਵਿੱਚ ਕਾਫੀ ਰੌਲਾ ਪਿਆ ਅਤੇ ਨਿਗਮ ਕਮਿਸ਼ਨਰ ਦੀ ਕਾਰਜਸ਼ੈਲੀ ਬਾਰੇ ਅਜਿਹਾ ਬਿਆਨ ਦੇਣ ਵਾਲੇ ਕੈਂਥ ਨੂੰ ਆਪਣੇ ਸ਼ਬਦ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਕਿਹਾ ਗਿਆ। ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਕੈਂਥ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਮੁਆਫੀ ਮੰਗੀ ਅਤੇ ਅਜਿਹਾ ਕਹਿਣ ਵਾਲੇ ਅਫਸਰ ਦਾ ਨਾਮ ਵੀ ਨਸ਼ਰ ਕੀਤਾ। ਕਮਿਸ਼ਨਰ ਨੇ ਚੀਫ ਇੰਜਨੀਅਰ ਐੱਨ.ਪੀ. ਸ਼ਰਮਾ ਨੂੰ ਸਬੰਧਤ ਅਫ਼ਸਰ ਖ਼ਿਲਾਫ਼ ਜਾਂਚ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਮੀਟਿੰਗ ਦੌਰਾਨ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦੀਆਂ ਸੰਚਾਲਨ ਕੰਪਨੀਆਂ ਦੀ ਲਾਇਸੈਂਸ ਫੀਸ ਨੂੰ ਲੈ ਕੇ ਪੇਸ਼ ਗਏ ਮਤੇ ਨੂੰ ਅਗਲੀ ਮੀਟਿੰਗ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਦੌਰਾਨ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਸਬੰਧੀ ਪੇਸ਼ ਕੀਤੇ ਮਤਿਆਂ ’ਤੇ ਵੀ ਚਰਚਾ ਕੀਤੀ ਗਈ।
ਸਫਾਈ ਦੇ ਠੇਕੇ ਸਬੰਧੀ ਮਾਮਲੇ ’ਤੇ ਭੁੱਬਾਂ ਮਾਰ ਕੇ ਰੋਏ ਐੱਮਓਐੱਚ
ਦੂਜੇ ਪਾਸੇ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਜ਼ਿੰਮਾ ਸੰਭਾਲਣ ਵਾਲੀ ਲਾਇਨਜ਼ ਕੰਪਨੀ ਦੇ ਠੇਕੇ ਦੀ ਮਿਆਦ ਖ਼ਤਮ ਹੋਣ ’ਤੇ ਵੀ ਹੰਗਾਮਾ ਹੋਇਆ। ਕੌਸਲਰਾਂ ਨੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਸਫ਼ਾਈ ਕੰਪਨੀ ਦਾ ਠੇਕਾ ਖ਼ਤਮ ਹੋਣ ਤੋਂ ਬਾਅਦ ਵੀ ਅੱਗੇ ਨਵੇਂ ਠੇਕੇ ਦੀ ਪ੍ਰਕਿਰਿਆ ਸ਼ੁਰੂ ਨਾ ਕਰ ਕੇ ਨਿਗਮ ਨੂੰ ਕਰੋੜਾਂ ਰੁਪਏ ਦਾ ਘਾਟਾ ਪਾਇਆ ਗਿਆ ਹੈ। ਭਾਜਪਾ ਕੌਂਸਲਰ ਅਰੁਣ ਸੂਦ, ਗੁਰਪੀਤ ਸਿੰਘ ਢਿੱਲੋਂ ਅਤੇ ਸ਼ਕਤੀ ਪ੍ਰਸਾਦ ਦੇਵਸ਼ਾਲੀ ਨੇ ਨਿਗਮ ਦੇ ਜਨ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਇਸ ਸਬੰਧੀ ਸਵਾਲ ਕੀਤੇ ਅਤੇ ਹਾਊਸ ਵਿੱਚ ਇਸ ਬਾਰੇ ਜਾਂਚ ਕਰਵਾਉਣ ਦਾ ਮਤਾ ਪੇਸ਼ ਕੀਤਾ। ਹਾਊਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕਰਵਾਉਣ ਦੇ ਫੈਸਲੇ ਨੂੰ ਝੰਡੀ ਦਿੱਤੀ ਗਈ ਅਤੇ ਇਸ ਲੇਟਲਤੀਫੀ ਕਾਰਨ ਨਿਗਮ ਨੂੰ ਪਏ ਘਾਟੇ ਦੀ ਰਿਕਵਰੀ ਵੀ ਸਬੰਧਤ ਅਧਿਕਾਰੀ ਤੋਂ ਕਰਨ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਮਜਬੂਰੀ ਕਾਰਨ ਸਫਾਈ ਕੰਪਨੀ ਦਾ ਠੇਕਾ 31 ਮਾਰਚ ਤੱਕ ਅੱਗੇ ਵਧਾਉਣ ਦੇ ਮਤੇ ’ਤੇ ਵੀ ਮੋਹਰ ਲਗਾਈ ਗਈ। ਇਸ ਫੈਸਲੇ ‘ਤੇ ਨਿਗਮ ਦੇ ਮੈਡੀਕਲ ਆਫ਼ਿਸਰ ਹੈਲਥ (ਐੱਮਓਐੱਚ) ਡਾ. ਅੰਮ੍ਰਿਤਪਾਲ ਸਿੰਘ ਵੜਿੰਗ ਦਾ ਚਿਹਰਾ ਉਤਰ ਗਿਆ। ਉਹਨਾਂ ਦਾ ਦਰਦ ਉਸ ਵੇਲੇ ਸਾਹਮਣੇ ਆਇਆ ਜਦੋਂ ਮੀਟਿੰਗ ਵਿਚਾਲੇ ਹੋਈ ਦੁਪਹਿਰ ਦੇ ਖਾਣੇ ਦੀ ਬਰੇਕ ਦੌਰਾਨ ਡਾ. ਅੰਮ੍ਰਿਤਪਾਲ ਸਿੰਘ ਵੜਿੰਗ ਭੁੱਬਾਂ ਮਾਰ ਕੇ ਰੋਣ ਲੱਗ ਪਏ। ਭੁੱਬਾਂ ਮਾਰ ਕੇ ਰੋ ਰਹੇ ਸ੍ਰੀ ਵੜਿੰਗ ਨੂੰ ਨਾਲ ਦੇ ਅਧਿਕਾਰੀਆਂ ਅਤੇ ਨਿਗਮ ਕੌਂਸਲਰਾਂ ਨੇ ਹੌਸਲਾ ਦਿੱਤਾ।