ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਪਰੈਲ
ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਅੱਜ ਇੱਥੋਂ ਦੇ ਸੈਕਟਰ 51 ਦਾ ਦੌਰਾ ਕੀਤਾ। ਉਨ੍ਹਾਂ ਸੈਕਟਰ ਵਿੱਚ ਜਾਰੀ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਇੱਥੋਂ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਸ਼ੁਰੂ ਕੀਤੇ ਗਏ ਆਪਣੇ ਦੌਰਿਆਂ ਤਹਿਤ ਅੱਜ ਉਹ ਇੱਥੇ ਸੈਕਟਰ ਵਿੱਚ ਸਵੇਰੇ ਸਾਢੇ ਛੇ ਵਜੇ ਨਿਗਮ ਅਧਿਕਾਰੀਆਂ ਦੀ ਟੀਮ ਨਾਲ ਪੁੱਜੇ। ਇਸ ਦੌਰਾਨ ਸੈਕਟਰ ਦੀ ਮਿਨੀ ਮਾਰਕੀਟ ਵਿੱਚ ਮੇਅਰ ਸਰਬਜੀਤ ਕੌਰ ਨੇ ਸੜਕ ਦੀਆਂ ਟੁੱਟੀਆਂ ਬਰਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੁਰੰਮਤ ਦਾ ਕੰਮ ਕਰਵਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਬਾਗਬਾਨੀ ਵਿੰਗ ਦੇ ਸਬੰਧਤ ਇੰਜਨੀਅਰਾਂ ਨੂੰ ਪਾਰਕਾਂ ਵਿੱਚ ਸੈਰ ਕਰਨ ਲਈ ਬਣਾਏ ਗਏ ਟਰੈਕਾਂ ਦੀ ਮੁਰੰਮਤ ਅਤੇ ਲੋੜ ਪੈਣ ’ਤੇ ਦਰੱਖਤਾਂ ਦੀ ਛੰਗਾਈ ਕਰਨ ਲਈ ਕਿਹਾ। ਉਨ੍ਹਾਂ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਪਾਰਕਾਂ ਵਿੱਚ ਲਗਾਏ ਗਏ ਬੱਚਿਆਂ ਦੇ ਖੇਡਣ ਦੇ ਸਾਜ਼ੋ-ਸਾਮਾਨ ਦੀ ਮੁਰੰਮਤ ਕਰਵਾਉਣ ਅਤੇ ਖੇਡਾਂ ਦੇ ਸਾਮਾਨ ’ਤੇ ਰੰਗ-ਰੋਗਨ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦੇ ਆਦੇਸ਼ ਦਿੱਤੇ। ਇਲਾਕੇ ਵਿੱਚ ਨਾਜਾਇਜ਼ ਕਬਜ਼ਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਮੇਅਰ ਨੇ ਸਬੰਧਤ ਅਧਿਕਾਰੀਆਂ ਨੂੰ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਆਪਣੀਆਂ ਦੁਕਾਨਾਂ ਅਤੇ ਘਰਾਂ ਦੇ ਬਾਹਰ ਸੜਕ ਕੰਢੇ ਕੀਤੇ ਕਬਜ਼ੇ ਹਟਾਉਣ ਅਤੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ। ਉਨ੍ਹਾਂ ਜਨ ਸਿਹਤ ਇੰਜਨੀਅਰਾਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਰੀ-ਕਾਰਪੇਂਟਿੰਗ ਦੇ ਕੰਮ ਤੋਂ ਪਹਿਲਾਂ ਸਾਰੀਆਂ ਸੜਕਾਂ ਦੀਆਂ ਗਲੀਆਂ ਦੀ ਮੁਰੰਮਤ ਕੀਤੀ ਜਾਵੇ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਪਬਲਿਕ ਹੈਲਥ ਵਿੰਗ ਦੇ ਇੰਜਨੀਅਰਾਂ ਨੂੰ ਪਾਰਕਾਂ ਨੇੜੇ ਸੜਕਾਂ ਦੀਆਂ ਰੋਡ ਗਲੀਆਂ ਨੂੰ ਢਕਣ ਲਈ ਕਿਹਾ। ਉਨ੍ਹਾਂ ਨੇ ਐੱਸਈ ਬੀਐਂਡਆਰ ਨੂੰ ਲੋੜ ਅਨੁਸਾਰ ਸੈਕਟਰ ਦੀਆਂ ਅੰਦਰੂਨੀ ਸੜਕਾਂ ਦੇ ਪੈਚ ਵਰਕ ਕਰਨ ਲਈ ਕਿਹਾ। ਕਮਿਸ਼ਨਰ ਨੇ ਸਿਹਤ ਸੁਪਰਵਾਈਜ਼ਰ ਨੂੰ ਹਦਾਇਤ ਕੀਤੀ ਕਿ ਪਾਰਕਾਂ ਦੇ ਬਾਹਰ ਅਤੇ ਸੜਕਾਂ ਦੇ ਨਾਲ-ਨਾਲ ਘਾਹ ਦੀ ਕਟਾਈ ਅਤੇ ਸਫ਼ਾਈ ਆਦਿ ਸਮੇਤ ਸੜਕਾਂ ਦੇ ਕਿਨਾਰਿਆਂ ਦੀ ਢੁਕਵੀਂ ਸਫਾਈ ਯਕੀਨੀ ਬਣਾਉਣ।
ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਸਮੱਸਿਆ ’ਤੇ ਕਮਿਸ਼ਨਰ ਨੇ ਹੈਲਥ ਸੁਪਰਵਾਈਜ਼ਰ ਨੂੰ ਹਦਾਇਤ ਕੀਤੀ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ 7 ਵਜੇ ਤੋਂ ਪਹਿਲਾਂ ਆਉਣ ਦੇ ਪ੍ਰਬੰਧ ਕੀਤੇ ਜਾਣ ਅਤੇ ਕੂੜਾ ਇਕੱਠਾ ਕਰਨ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਖੁੱਲ੍ਹੀਆਂ ਥਾਵਾਂ ਅਤੇ ਸੜਕਾਂ ਦੇ ਕਿਨਾਰੇ ਮਲਬਾ ਸੁੱਟਣ ਵਾਲਿਆਂ ਲਈ ਇੰਜਨੀਅਰਿੰਗ ਵਿੰਗ ਨੂੰ ਚਲਾਨ ਕੱਟਣ ਲਈ ਕਿਹਾ ਅਤੇ ਇਸ ਦੇ ਲਈ ਨਿਗਰਾਨ ਸਟਾਫ਼ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਦੇ ਹਦਾਇਤ ਦਿੱਤੀ।