ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਜੁਲਾਈ
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਥਾਣੇ ਦੇ ਬਿਲਕੁਲ ਸਾਹਮਣੇ ਦਸਹਿਰਾ ਗਰਾਊਂਡ ਵਿੱਚ ਰੋਜ਼ਾਨਾ ਲੱਗਣ ਵਾਲੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਤੋਂ ਪੈਸਿਆਂ ਦੀ ਵਸੂਲੀ ਦਾ ਮਾਮਲਾ ਭਖ ਗਿਆ ਹੈ। ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਇੱਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਬਲੌਂਗੀ ਗ੍ਰਾਮ ਸਭਾ ਦੇ ਜਨਰਲ ਇਜਲਾਸ ਦੌਰਾਨ ਮੰਡੀ ਦੀ ਪਰਚੀ ਕੱਟਣ ਲਈ ਗਠਿਤ 11 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਸਰਪੰਚ ਵੱਲੋਂ ਕਥਿਤ ਤੌਰ ’ਤੇ ਘਪਲੇਬਾਜ਼ੀ ਕੀਤੀ ਜਾ ਰਹੀ ਸੀ। ਹੁਣ ਜਦੋਂ ਕਮੇਟੀ ਵੱਲੋਂ ਕੰਮ ਸੰਭਾਲਣ ’ਤੇ ਪੰਚਾਇਤ ਦੀ ਆਮਦਨ ਵਧ ਗਈ ਹੈ ਤਾਂ ਸਰਪੰਚ ਨੇ ਦੁਕਾਨਦਾਰਾਂ ਨੂੰ ਕਮੇਟੀ ਮੈਂਬਰਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਕੱਟੀ ਜਾਣ ਵਾਲੀ ਰਸੀਦ ਬੁੱਕ ’ਤੇ ਕੋਈ ਨੰਬਰ ਨਹੀਂ ਹੈ। ਦੁਕਾਨਦਾਰ ਬਿੱਟੂ, ਵਿਸ਼ਵਜੀਤ, ਗੋਬਿੰਦ ਤੇ ਅਭਿਸ਼ੇਕ ਨੇ ਕਿਹਾ ਕਿ ਉਨ੍ਹਾਂ ਤੋਂ ਸਰਪੰਚ ਦੇ ਬੰਦੇ ਨੇ ਖਾਲੀ ਪੇਪਰ ’ਤੇ ਇਹ ਕਹਿ ਕੇ ਦਸਖ਼ਤ ਕਰਵਾਏ ਸਨ ਕਿ ਬਲੌਂਗੀ ਵਿੱਚ ਸਫ਼ਾਈ ਕਰਵਾਉਣੀ ਹੈ, ਇਸ ਤਰ੍ਹਾਂ ਦੁਕਾਨਦਾਰਾਂ ਤੋਂ ਧੋਖੇ ਨਾਲ ਦਸਖ਼ਤ ਕਰਵਾ ਕੇ ਸਰਪੰਚ ਨੇ ਕਮੇਟੀ ਮੈਂਬਰਾਂ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ।
ਇਸ ਸਬੰਧੀ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨੇ ਕਮੇਟੀ ਮੈਂਬਰਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਦੁਕਾਨਦਾਰਾਂ ਨੇ ਖ਼ੁਦ ‘ਆਪ’ ਵਿਧਾਇਕ, ਡੀਡੀਪੀਓ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।