ਮੁਕੇਸ਼ ਕੁਮਾਰ
ਚੰਡੀਗੜ੍ਹ, 6 ਫਰਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਤਲਖ਼ ਟਿੱਪਣੀਆਂ ਤੋਂ ਇਕ ਦਿਨ ਮਗਰੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਮਾਮਲਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਇਨ੍ਹਾਂ ਦੋਵਾਂ ਅਹੁਦਿਆਂ ਲਈ ਕਾਂਗਰਸ ਅਤੇ ‘ਆਪ’ ਗੱਠਜੋੜ (ਇੰਡੀਆ) ਦੇ ਉਮੀਦਵਾਰਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਜਲਦੀ ਹੀ ਇਸ ਪਟੀਸ਼ਨ ’ਤੇ ਸੁਣਵਾਈ ਕਰ ਸਕਦਾ ਹੈ। ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਗੁਰਪ੍ਰੀਤ ਸਿੰਘ ਗਾਬੀ ਅਤੇ ਨਿਰਮਲਾ ਦੇਵੀ ਨੇ ਪਟੀਸ਼ਨਾਂ ’ਚ ਦੋਸ਼ ਲਾਇਆ ਹੈ ਕਿ ਮੇਅਰ ਦੀ ਚੋਣ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਨੇ ਮਤ-ਪੱਤਰਾਂ (ਬੈਲਟ ਪੇਪਰਾਂ) ਨਾਲ ਛੇੜਛਾੜ ਕੀਤੀ ਅਤੇ ‘ਆਪ’ ਤੇ ਕਾਂਗਰਸ ਗੱਠਜੋੜ ਦੀਆਂ ਅੱਠ ਵੋਟਾਂ ਨੂੰ ਅਯੋਗ ਕਰਾਰ ਦਿੰਦਿਆਂ ਭਾਜਪਾ ਦੇ ਮਨੋਜ ਸੋਨਕਰ ਨੂੰ ਜੇਤੂ ਐਲਾਨ ਦਿੱਤਾ। ਗੱਠਜੋੜ ਦੇ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ ਪਰ ਜਦੋਂ ਉਨ੍ਹਾਂ ਦੀ ਪੇਸ਼ ਨਹੀਂ ਚੱਲੀ ਤਾਂ ਉਹ ਸਦਨ ’ਚੋਂ ਵਾਕਆਊਟ ਕਰ ਗਏ ਸਨ। ਇਸ ਮਗਰੋਂ ਭਾਜਪਾ ਦੇ ਮੇਅਰ ਨੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਈ, ਜੋ ਸਰਾਸਰ ਗਲਤ ਅਤੇ ਗੈਰ-ਜਮਹੂਰੀ ਸੀ। ਪਟੀਸ਼ਨ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਰੱਦ ਕਰਕੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪਟੀਸ਼ਨ ’ਤੇ ਕੋਈ ਫੈਸਲਾ ਸੁਣਾਏ ਜਾਣ ਤੱਕ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਸੇਵਾਵਾਂ ’ਤੇ ਪਾਬੰਦੀ ਲਗਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਮੇਅਰ ਚੋਣ ਮੌਕੇ ਮਤ ਪੱਤਰਾਂ ਨਾਲ ਛੇੜਛਾੜ ਦੀ ਵੀਡੀਓ ਜਨਤਕ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਨੇ ਅੱਜ ਚੰਡੀਗੜ੍ਹ ਮੇਅਰ ਚੋਣ ਦੌਰਾਨ ਅਫਸਰ ਵੱਲੋਂ ਬੈਲੇਟ ਪੇਪਰਾਂ ਨਾਲ ਕੀਤੀ ਛੇੜਛਾੜ ਦੀ ਵੀਡੀਓ ਜਨਤਕ ਕੀਤੀ ਹੈ। ਇਸ ਮੌਕੇ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਦੋਸ਼ ਲਗਾਏ ਹਨ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਬੈਲੇਟ ਪੇਪਰਾਂ ਨਾਲ ਛੇੜਛਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਅਰ ਚੋਣ ਵਿੱਚ ਸੋਚੀ ਸਮਝੀ ਸਾਜ਼ਿਸ਼ ਤਹਿਤ ਧੱਕੇਸ਼ਾਹੀ ਨੂੰ ਅੰਜਾਮ ਦਿੱਤਾ ਹੈ। ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਤਾਂ ਸਿਰਫ਼ ਕੰਮ ਪੂਰਾ ਕੀਤਾ ਹੈ, ਜਦਕਿ ਇਸ ਦਾ ਅਸਲ ਸਾਜ਼ਿਸ਼ਕਾਰ ਕੋਈ ਹੋਰ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰੀਜ਼ਾਈਡਿੰਗ ਅਫ਼ਸਰ ਦੇ ਨਾਲ-ਨਾਲ ਘਟਨਾ ਦੇ ਮੁੱਖ ਸਾਜ਼ਿਸ਼ਕਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਨਿਲ ਮਸੀਹ ਦੇ ਪ੍ਰਗਟਾਵੇ ਤੋਂ ਸਪੱਸ਼ਟ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਉਪਰੋਂ ਹੁਕਮ ਮਿਲੇ ਸਨ।