ਪੱਤਰ ਪ੍ਰੇਰਕ
ਬਨੂੜ, 5 ਜੁਲਾਈ
ਪਿੰਡ ਖਿਜ਼ਰਗੜ੍ਹ (ਕਨੌੜ) ਦੀ ਸ਼ਾਮਲਾਤ ਜ਼ਮੀਨ ਵਿੱਚੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਲਈ ਮਿੱਟੀ ਪੁੱਟ ਰਹੇ ਇੱਕ ਟਿੱਪਰ ਨੂੰ ਜ਼ੀਰਕਪੁਰ ਵਾਲੇ ਪਾਸੇ ਮਿੱਟੀ ਵੇਚਣ ਲਈ ਲਿਜਾਂਦਿਆਂ ਕਾਬੂ ਕੀਤਾ। ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੇ ਅਜਿਹਾ ਪਿੰਡ ਦੇ ਸਰਪੰਚ ਦੀ ਸ਼ਹਿ ਉੱਤੇ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤੇ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ। ਪਿੰਡ ਦੇ ਕਈਂ ਪੰਚਾਂ ਤੇ ਹੋਰ ਵਸਨੀਕਾਂ ਨੇ ਦੱਸਿਆ ਕਿ ਸ਼ਾਮਲਾਤ ਜ਼ਮੀਨ ਦੀ ਮਿੱਟੀ ਕਥਿਤ ਤੌਰ ਉੱਤੇ ਵੇਚੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ ਵਿੱਚ ਮਿੱਟੀ ਪਾਉਣ ਦੀ ਥਾਂ ਇਸ ਨੂੰ ਬਾਹਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਸਰਪੰਚ ਦੀ ਸ਼ਹਿ ਉੱਤੇ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਵੀ ਮੌਕਾ ਵੇਖਿਆ ਹੈ।
ਸਰਪੰਚ ਦੇ ਪਤੀ ਵੱਲੋਂ ਟਿੱਪਰ ਰੋਕਣ ਦਾ ਦਾਅਵਾ
ਸਰਪੰਚ ਸੰਦੀਪ ਕੌਰ ਦੇ ਪਤੀ ਪਵਨਪ੍ਰੀਤ ਸਿੰਘ ਹੈਪੀ ਨੇ ਪਿੰਡ ਵਾਸੀਆਂ ਦੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤੀ ਮਤਾ ਪਾ ਕੇ ਅਤੇ ਲੋੜੀਂਦੀ ਮਨਜ਼ੂਰੀ ਹਾਸਲ ਕਰਕੇ ਮਿੱਟੀ ਪੁੱਟੀ ਜਾ ਰਹੀ ਹੈ, ਜਿਹੜੀ ਕਿ ਪੈਲੇਸ ਤੇ ਹੋਰ ਸਾਂਝੀਆਂ ਥਾਵਾਂ ਉੱਤੇ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਟਿੱਪਰ ਡਰਾਈਵਰ ਇੱਕ ਟਿੱਪਰ ਮਿੱਟੀ ਦਾ ਬਾਹਰ ਲਿਜਾ ਰਿਹਾ ਸੀ, ਜਿਸ ਨੂੰ ਉਨ੍ਹਾਂ ਖੁਦ ਰੋਕਿਆ ਸੀ। ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਧਿਆਨ ’ਚ ਮਾਮਲਾ ਲਿਆਉਣ ਮਗਰੋਂ ਸਾਰਾ ਕੁਝ ਹੱਲ ਹੋ ਗਿਆ ਸੀ।