ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਜੂਨ
ਪਿੰਡ ਚੂਹੜ ਮਾਜਰਾ ਦੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਸਮਾਧ ਬਣਾਉਣ ਦਾ ਮਾਮਲਾ ਭਖ ਗਿਆ ਹੈ। ਦੋ ਧੜਿਆਂ ਵਿੱਚ ਵੰਡੇ ਪਿੰਡ ਵਾਸੀਆਂ ਵਿੱਚ ਤਣਾਅ ਦਾ ਮਾਹੌਲ ਹੈ। ਪ੍ਰਸ਼ਾਸਨ ਨੇ ਗੁਰਦੁਆਰਾ ਕੰਪਲੈਕਸ ਵਿੱਚ ਪੁਲੀਸ ਦਾ ਪਹਿਰਾ ਲਾ ਦਿੱਤਾ ਹੈ। ਉੱਧਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਗੁਰਪਾਲ ਸਿੰਘ ਤਿਮੋਵਾਲ ਨੇ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਕੇ ਆਪਣੀ ਰਿਪੋਰਟ ਐੱਸਜੀਪੀਸੀ ਅਤੇ ਜਥੇਦਾਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਦੁਆਰੇ ’ਚੋਂ ਸਮਾਧ ਨੂੰ ਪਾਸੇ ਹਟਾ ਦਿੱਤਾ ਗਿਆ ਹੈ।
ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ’ਚ ਸ਼ਿਕਾਇਤਕਰਤਾਵਾਂ, ਪਿੰਡ ਵਾਸੀਆਂ ਅਤੇ ਹੋਰ ਮੋਹਤਬਰਾਂ ਦੀ ਮੀਟਿੰਗ ਤੋਂ ਬਾਅਦ ਪਿੰਡ ਕੁੰਭੜਾ ਵਿੱਚ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਗਿਆਨੀ ਗੁਰਪਾਲ ਸਿੰਘ ਨੇ ਕਿਹਾ ਕਿ ਗੁਰਦੁਆਰੇ ਵਿੱਚ ਸਮਾਧ ਦਾ ਕੋਈ ਕੰਮ ਨਹੀਂ ਹੈ। ਇਹ ਆਮ ਲੋਕਾਂ ਨੂੰ ਗੁਰੂਘਰ ਨਾਲੋਂ ਤੋੜਨ ਅਤੇ ਅੰਧ-ਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ।
ਪਿੰਡ ਵਾਸੀਆਂ ਨੇ ਐੱਸਜੀਪੀਸੀ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਜਥੇਦਾਰ ਦਾ ਆਦੇਸ਼ ਆਇਆ ਸੀ ਕਿ ਉੱਥੇ ਗੁਰ ਮਰਿਆਦਾ ਬਹਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਵਾਦਤ ਸਮਾਧ ਦਾ ਨਾ ਕੋਈ ਇਤਿਹਾਸ ਹੈ ਤੇ ਨਾ ਕੋਈ ਕੁਰਬਾਨੀ ਹੈ। ਜਾਂਚ ਦੌਰਾਨ ਰੈਵੀਨਿਊ ਰਿਕਾਰਡ ਦੀ ਵੀ ਘੋਖ ਕੀਤੀ ਗਈ ਤਾਂ ਫਰਦ ਵਿੱਚ ਗੁਰੂ ਘਰ ਦਾ ਨਾਂ ਬੋਲਦਾ ਹੈ। ਨਿਸ਼ਾਨ ਸਾਹਿਬ ਦੇ ਨਾਲ ਸਮਾਧ ਬਣਾਉਣ ਕਰਕੇ ਗੁਰ ਮਰਿਆਦਾ ਦਾ ਹਣਨ ਹੋ ਰਿਹਾ ਸੀ ਤਾਂ ਹੀ ਇਹ ਕਾਰਵਾਈ ਕੀਤੀ ਗਈ।
ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪਿੰਡ ਵਾਸੀ ਬੀਬੀ ਹਰਜੀਤ ਕੌਰ, ਬਲਜੀਤ ਕੌਰ, ਗੁਰਮੀਤ ਸਿੰਘ, ਮਨਦੀਪ ਸਿੰਘ ਨੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਅਤੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਪਿੰਡ ਵਿੱਚ ਧੜੇਬਾਜ਼ੀ ਪੈਦਾ ਕਰ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਸਾਬਕਾ ਸਰਪੰਚ ਨੇ ਦੋਸ਼ ਨਕਾਰੇ
ਸਾਬਕਾ ਸਰਪੰਚ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਸਮਾਧ ਬਣੀ ਹੋਈ ਹੈ ਜਦੋਂਕਿ ਗੁਰਦੁਆਰਾ ਸਾਹਿਬ ਨੂੰ ਬਣੇ ਲਗਪਗ 35 ਸਾਲ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਸਾਰੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਸਾਬਕਾ ਸਰਪੰਚ ਨੇ ਉਨ੍ਹਾਂ ’ਤੇ ਲਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ।