ਮੁਕੇਸ਼ ਕੁਮਾਰ
ਚੰਡੀਗੜ੍ਹ, 12 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਅੱਜ ਇਥੇ ਸੈਕਟਰ 17 ਸਥਿਤ ਚੰਡੀਗੜ੍ਹ ਨਗਰ ਨਿਗਮ ਦੇ ਭਵਨ ਵਿੱਚ ਸ਼ਹਿਰ ਲਈ ਸਥਾਪਤ ਇੰਟੀਗਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਰਸਮੀ ਉਦਘਾਟਨ ਕੀਤਾ। ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਆਈਸੀਸੀਸੀ ਦੇ ਕੰਮਕਾਜ ਬਾਰੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੂੰ ਦੱਸਿਆ ਕਿ ਇਹ ਕੇਂਦਰ ਸ਼ਹਿਰ ਵਿੱਚ ਸੀਸੀਟੀਵੀ ਨਿਗਰਾਨੀ ਕੈਮਰਿਆਂ ਸਮੇਤ ਹੋਰ ਸਮਾਰਟ ਫੀਲਡ ਤੱਤਾਂ ਦੀ ਇਕ ਵੀਡੀਓ ਵਾਲ ਦੇ ਜ਼ਰੀਏ ਨਿਗਰਾਨੀ ਕਰੇਗਾ, ਜਿਸ ਵਿਚ 20 ਤੋਂ ਵੱਧ ਕੈਮਰੇ ਸ਼ਹਿਰ ਦੇ ਵੱਖ ਵੱਖ ਚੌਕਾਂ ਅਤੇ ਹੋਰ ਮਹੱਤਵਪੂਰਨ ਇਮਾਰਤਾਂ ਆਦਿ ਦੀ ਨਿਗਰਾਨੀ ਲਈ ਲਗਾਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਿਸਟਮ ਦੀ ਲਾਈਵ ਨਿਗਰਾਨੀ ਲਈ ਆਨ-ਫੀਲਡ ਡਿਵਾਈਸਾਂ ਅਤੇ ਕਮਾਂਡ ਸੈਂਟਰ ਦਰਮਿਆਨ ਰੀਅਲ ਟਾਈਮ ਕਨੈਕਟੀਵਿਟੀ ਲਈ ਸਿਟੀ ਓਨਡ ਆਪਟੀਕਲ ਫਾਈਬਰ ਰੱਖਿਆ ਗਿਆ ਹੈ। ਇਸ ਪ੍ਰਣਾਲੀ ਵਿੱਚ ਐਡਵਾਂਸਡ ਵੀਡੀਓ ਐਨਾਲੀਟਿਕਸ ਪ੍ਰਣਾਲੀ ਵੀ ਸ਼ਾਮਲ ਹੈ ਅਤੇ ਜਿਸ ਰਾਹੀਂ ਵਾਹਨਾਂ ਦੀ ਗੈਰਕਾਨੂੰਨੀ ਪਾਰਕਿੰਗ ਅਤੇ ਸ਼ਹਿਰ ਵਿੱਚ ਵਾਹਨਾਂ ਦੇ ਲੱਗਣ ਵਾਲੇ ਜਾਮ ਬਾਰੇ ਆਟੋਮੈਟਿਕ ਚੇਤਾਵਨੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਨਾਲ ਸ਼ਹਿਰ ਦੀਆਂ ਪਾਰਕਿੰਗ ਵਿੱਚ ਵੀ ਲਗਾਏ ਜਾਣ ਵਾਲੇ ਕੈਮਰਿਆਂ ਨਾਲ ਉਥੋਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਤੋਂ ਇਲਾਵਾ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐਮਐਸ), ਜਿਸ ਵਿਚ ਟ੍ਰੈਫਿਕ ਇਨਫੋਰਸਮੈਂਟ ਸਿਸਟਮ ਸਮੇਤ ਰੈੱਡ ਲਾਈਟ ਵਾਇਓਲੇਸ਼ਨ ਡਿਟੈਕਸ਼ਨ, ਓਵਰ ਸਪੀਡ ਵਾਇਓਲੇਸ਼ਨ, ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਸ਼ਹਿਰ ਵਿੱਚ ਦੋ ਥਾਵਾਂ ’ਤੇ ਸਥਾਪਤ ਕੀਤੇ ਗਏ ਹਨ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਪਬਲਿਕ ਐਡਰੈਸਿੰਗ ਸਿਸਟਮ ਵੀ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਸਮੇਤ ਨਗਰ ਨਿਗਮ ਪ੍ਰਸ਼ਾਸਨ ਦੇ ਪ੍ਰਮੁੱਖ ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਵਲੋਂ ਸ਼ਿਵਾ ਕੁਮਰਨ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮੇਅਰ ਨੇ ਸ਼ਹਿਰ ਦੇ ਵਿਕਾਸ ਲਈ ਕੀਤੀ ਵਾਧੂ ਫੰਡਾਂ ਦੀ ਮੰਗ
ਪਿਛਲੇ ਮਹੀਨੇ ਕਰੋਨਾ ਵਾਇਰਸ ਪਾਜੀਟਿਵ ਹੋਣ ਤੋਂ ਬਾਅਦ ਸਿਹਤਯਾਬ ਹੋਕੇ ਛੁੱਟੀ ਤੇ ਰਹੀ ਚੰਡੀਗੜ੍ਹ ਦੇ ਮੇਅਰ ਰਜਾਬਾਲਾ ਮਲਿਕ ਨੇ ਅੱਜ ਆਪਣਾ ਕੰਮ ਕਾਜ ਸੰਭਾਲ ਲਿਆ ਅਤੇ ਨਗਰ ਨਿਗਮ ਵਿੱਚ ਹਾਜ਼ਰੀ ਭਰੀ। ਨਿਗਮ ਭਵਨ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵਲੋਂ ਸਥਾਪਤ ਕੀਤੇ ਗਏ ਇੰਟੀਗਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਉਦਘਾਟਨ ਤੋਂ ਬਾਅਦ ਕੀਤੀ ਮੀਟਿੰਗ ਦੌਰਾਨ ਵਿੱਤੀ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਨਗਰ ਨਿਗਮ ਲਈ ਵਾਧੂ ਫੰਡਾਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਦੌਰ ਵਿੱਚ ਚੰਡੀਗੜ੍ਹ ਸ਼ਹਿਰ ਲਈ ਆਪਣੀਆਂ ਤਮਾਮ ਜ਼ਿਮੇਵਾਰੀਆਂ ਨੂੰ ਲੈ ਕੇ ਨਿਗਮ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਵਲੋਂ ਆਰਥਿਕ ਸੰਕਟ ਕਾਰਨ ਸ਼ਹਿਰ ਦੇ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵਿੱਤੀ ਸਹਾਇਤਾ ਦੀ ਮੰਗ ਕੀਤੀ।