ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਗਸਤ
ਥਾਣਾ ਬਨੂੜ ਦੀ ਪੁਲੀਸ ਨੇ ਐੱਫ਼ਆਈਆਰ ਨੰਬਰ 95 ਤਹਿਤ ਪਿੰਡ ਮਨੌਲੀ ਸੂਰਤ ਦੇ ਗੁਰਜੰਟ ਸਿੰਘ ਨਾਂ ਦੇ ਘੋੜਾ-ਰੇਹੜਾ ਚਲਾਉਣ ਵਾਲੇ ਵਿਅਕਤੀ ਉੱਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਹੈ। ਬਨੂੜ ਪੁਲੀਸ ਦੀ ਇਸ ਕਾਰਵਾਰੀ ਦਾ ਅਕਾਲੀ ਦਲ ਤੇ ਹੋਰਨਾਂ ਨੇ ਸਖ਼ਤ ਨੋਟਿਸ ਲਿਆ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਹਰਬੰਸ ਲਾਲ ਉੱਤਮ, ਜਗਤਾਰ ਸਿੰਘ ਕਨੌੜ ਅਤੇ ਸਬੰਧਤ ਵਿਅਕਤੀ ਦੇ ਪਿੰਡ ਦੇ ਵਸਨੀਕ ਤੇ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਨੇ ਬਨੂੜ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੇਤ ਤੇ ਮਿੱਟੀ ਮਾਫ਼ੀਆ ਨੇ ਟਿੱਪਰਾਂ, ਟਰਾਲੀਆਂ ਅਤੇ ਪੋਕਲੇਨ ਤੇ ਜੇਸੀਬੀ ਮਸ਼ੀਨਾਂ ਰਾਹੀਂ ਘੱਗਰ ਅਤੇ ਇਸ ਖੇਤਰ ਦੇ ਸਾਰੇ ਚੋਆਂ ਨੂੰ ਨਾਜਾਇਜ਼ ਮਾਈਨਿੰਗ ਰਾਹੀਂ 20-20 ਫੁੱਟ ਡੂੰਘਾ ਪੁੱਟ ਦਿੱਤਾ ਹੈ। ਪਿੰਡਾਂ ਦੇ ਵਸਨੀਕਾਂ ਵੱਲੋਂ ਪੁਲੀਸ ਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇੱਕ ਗਰੀਬ ਰੇਹੜੇ ਵਾਲਾ ਜੇਕਰ 25-30 ਫੁੱਟ ਰੇਤਾ ਘੱਗਰ ਵਿੱਚੋਂ ਲੈ ਵੀ ਆਇਆ ਤਾਂ ਉਸ ਉੱਤੇ ਪਰਚਾ ਦਰਜ ਕਰ ਲਿਆ ਗਿਆ। ਉਨ੍ਹਾਂ ਆਪਣੀ ਪਾਰਟੀ ਵੱਲੋਂ ਪੀੜਤ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ। ਊੱਧਰ, ਕਾਂਗਰਸ ਪਾਰਟੀ ਦੇ ਬਨੂੜ ਦਿਹਾਤੀ ਦੇ ਪ੍ਰਧਾਨ ਅਤੇ ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਨੇ ਵੀ ਪਿੰਡ ਦੇ ਰੇਹੜਾ ਚਾਲਕ ਉੱਤੇ ਦਰਜ ਕੇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਕਾਰਵਾਈ ਸਰਾਸਰ ਨਾਜਾਇਜ਼ ਅਤੇ ਗਰੀਬ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰ ਪਾਣੀ ਵਿੱਚੋਂ 10-15 ਤਸਲੇ ਰੇਤੇ ਦੇ ਕੱਢ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਵਿੱਚੋਂ ਲਿਆਂਦੇ ਗਏ ਉਕਤ ਰੇਤੇ ਦਾ ਜਦੋਂ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਤਾਂ ਫਿਰ ਪੁਲੀਸ ਵੱਲੋਂ ਕਿਉਂ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਚਾਇਤ ਵੀ ਇਸ ਕੇਸ ਦੀ ਪੈਰਵੀ ਕਰੇਗੀ ਅਤੇ ਸਾਰਾ ਮਾਮਲਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਧਿਆਨ ’ਚ ਲਿਆਂਦਾ ਜਾਵੇਗਾ।
ਕਾਨੂੰਨ ਸਾਰਿਆਂ ਲਈ ਬਰਾਬਰ: ਥਾਣਾ ਮੁਖੀ
ਥਾਣਾ ਬਨੂੜ ਦੇ ਮੁਖੀ ਸੁਭਾਸ਼ ਕੁਮਾਰ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ ਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਖੇਤਰ ਵਿੱਚ ਕਿਧਰੇ ਵੀ ਨਾਜਾਇਜ਼ ਮਾਈਨਿੰਗ ਨਾ ਹੋਣ ਤੇ ਮਨੌਲੀ ਸੂਰਤ ਦੀ ਪੰਚਾਇਤ ਵੱਲੋਂ ਹੋਈ ਮਾਈਨਿੰਗ ਨੂੰ ਨਿਯਮਾਂ ਅਨੁਸਾਰ ਹੋਣ ਦੀ ਗੱਲ ਆਖੀ।
ਮਾਈਨਿੰਗ ਮਾਫ਼ੀਆ ਅੱਗੇ ਬੇਵੱਸ ਪੁਲੀਸ ਨੇ ਰੇਹੜਾ ਚਾਲਕ ਨੂੰ ਬਣਾਇਆ ਨਿਸ਼ਾਨਾ: ਪਿੰਡ ਵਾਸੀ
ਪਿੰਡ ਵਾਸੀਆਂ ਅਨੁਸਾਰ ਇਕ ਪਾਸੇ ਜਿੱਥੇ ਇਲਾਕੇ ਦੇ ਸਾਰੇ ਚੋਆਂ ਨੇ ਮਾਈਨਿੰਗ ਮਾਫ਼ੀਆ ਵੱਲੋਂ 20-20 ਫੁੱਟ ਪੁੱਟ ਕੇ ਰੇਤਾ ਤੇ ਮਿੱਟੀ ਦੀ ਸ਼ਰ਼ੇਆਮ ਮਾਈਨਿੰਗ ਕੀਤੀ ਜਾ ਰਹੀ ਹੈ ਊੱਥੇ ਹੀ ਦੂਜੇ ਪਾਸੇ ਬਨੂੜ ਪੁਲੀਸ ਨੇ ਇਕ ਰੇਹੜਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਸਹਾਇਕ ਥਾਣੇਦਾਰ ਬਲਕਾਰ ਸਿੰਘ ਵੱਲੋਂ ਦਰਜ ਕੀਤੀ ਗਈ ਐੱਫ਼ਆਈਆਰ ਅਨੁਸਾਰ ਬੈਰੀਅਰ ਉੱਤੇ ਗਸ਼ਤ ਦੌਰਾਨ ਉਨ੍ਹਾਂ ਨੇ 50 ਫੁੱਟ ਰੇਤੇ ਸਮੇਤ ਉਕਤ ਵਿਅਕਤੀ ਨੂੰ ਘੋੜੇ-ਰੇਹੜੇ ਸਮੇਤ ਕਾਬੂ ਕੀਤਾ। ਉਨ੍ਹਾਂ ਲਿਖਿਆ ਕਿ ਸਬੰਧਤ ਰੇਹੜਾ ਚਾਲਕ ਘੱਗਰ ਦਰਿਆ ਵਿੱਚੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਇਹ ਮਾਈਨਿੰਗ ਕਰ ਰਿਹਾ ਸੀ। ਪੁਲੀਸ ਨੇ ਊਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦਾ ਰੇਹੜਾ ਤੇ ਘੋੜਾ ਵੀ ਥਾਣੇ ਲਿਆਂਦਾ ਗਿਆ। ਮੁਲਜ਼ਮ ਵਿਰੁੱਧ ਧਾਰਾ 379 ਦੇ ਸੈਕਸ਼ਨ 21(1) ਤੇ 4(1) ਤੇ ਮਾਈਨਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਅੱਜ ਊਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਊਸ ਨੂੰ ਲੁਧਿਆਣਾ ਜੇਲ੍ਹ ਵਿੱਚ ਜਾਤੀ ਮੁਚਲਕਾ ਭਰਾਉਣ ਉਪਰੰਤ ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ।