ਆਤਿਸ਼ ਗੁਪਤਾ
ਚੰਡੀਗੜ੍ਹ, 31 ਅਕਤੂਬਰ
ਸੁਖਨਾ ਝੀਲ ’ਤੇ ਮੁਟਿਆਰ ਦਾ ਗਲਾ ਘੁੱਟ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 24 ਸਾਲਾਂ ਜਗਰੂਪ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਮੁਲਜ਼ਮ ਦੇ ਪਿਤਾ ਪੰਜਾਬ ਪੁਲੀਸ ਵਿੱਚ ਤਾਇਨਾਤ ਸਨ, ਜਿਨ੍ਹਾਂ ਦਾ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ ਪੁਲੀਸ ਦੀ ਐੱਸਪੀ ਪਲਕ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 21 ਸਾਲਾਂ ਅੰਜਲੀ ਤੇ ਜਗਰੂਪ ਸਿੰਘ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਅੰਜਲੀ, ਉਸ ’ਤੇ ਵਿਆਹ ਲਈ ਦਬਾਅ ਬਣਾ ਰਹੀ ਸੀ ਪਰ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਪੁਲੀਸ ਨੇ ਦੱਸਿਆ ਕਿ 27 ਅਕਤੂਬਰ ਨੂੰ ਜਗਰੂਪ ਤੇ ਅੰਜਲੀ ਦੋਵੇਂ ਬੱਸ ਰਾਹੀਂ ਚੰਡੀਗੜ੍ਹ ਆਏ ਅਤੇ ਸੁਖਨਾ ਝੀਲ ’ਤੇ ਘੁੰਮਣ ਲਈ ਚਲੇ ਗਏ। 27 ਅਕਤੂਬਰ ਦੀ ਰਾਤ ਨੂੰ ਜਗਰੂਪ ਨੇ ਸੁਖਨਾ ਝੀਲ ਦੇ ਅਖੀਰ ਵਿੱਚ ਸਥਿਤ ਸੁਖਨਾ ਰੈਗੂਲੇਟਰੀ ਐਂਡ ਦੇ ਨਜ਼ਦੀਕ ਅੰਜਲੀ ਦੀ ਕਥਿਤ ਤੌਰ ’ਤੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਜਿਸ ਦੀ ਲਾਸ਼ 28 ਅਕਤੂਬਰ ਨੂੰ ਸਵੇਰੇ ਮਿਲੀ ਹੈ। ਚੰਡੀਗੜ੍ਹ ਦੇ ਸੈਕਟਰ-26 ਦੀ ਪੁਲੀਸ ਨੇ ਮ੍ਰਿਤਕ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-32 ਦੇ ਹਸਪਤਾਲ ਵਿੱਚ ਰਖਵਾਈ। ਉੱਧਰ ਅੰਜਲੀ ਦੇ ਪਿਤਾ ਕੁਲਬੀਰ ਰਾਮ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਇਸ ਮਾਮਲੇ ਸਬੰਧੀ ਜਾਂਚ ਕਰਦਿਆਂ ਅੰਜਲੀ ਦੇ ਮੋਬਾਈਲ ਫੋਨ ਦੀ ਡਿਟੇਲ ਖੰਘਾਲੀ ਤਾਂ ਆਖਰੀ ਵਾਰ ਗੱਲ ਜਗਰੂਪ ਨਾਲ ਹੋਈ ਮਿਲੀ। ਪੁਲੀਸ ਨੇ ਇਸ ਮਾਮਲੇ ਸਬੰਧੀ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਝੀਲ ਵਿੱਚ ਡੁੱਬਦੇ ਨੌਜਵਾਨ ਨੂੰ ਦੋ ਦੋਸਤਾਂ ਨੇ ਬਚਾਇਆ
ਚੰਡੀਗੜ੍ਹ: ਇੱਥੇ ਅੱਜ ਇੱਕ ਬੀਕਾਮ ਦੇ ਵਿਦਿਆਰਥੀ ਨੇ ਸੁਖਨਾ ਝੀਲ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਨੌਜਵਾਨਾਂ ਨੇ ਉਸ ਨੂੰ ਬਚਾਅ ਲਿਆ। ਜ਼ਿਕਰਯੋਗ ਹੈ ਕਿ ਸ਼ਾਮ ਕਰੀਬ ਛੇ ਵਜੇ ਮੁੱਲਾਂਪੁਰ ਦੇ ਵਾਸੀ ਨੌਜਵਾਨ ਨੇ ਝੀਲ ਵਿੱਚ ਛਾਲ ਮਾਰ ਦਿੱਤੀ। ਕੁੱਝ ਲੋਕਾਂ ਨੇ ਨੌਜਵਾਨ ਨੂੰ ਦੇਖ ਕੇ ਅਲਾਰਮ ਵਜਾ ਦਿੱਤਾ। ਇਸ ਦੌਰਾਟ ਝੀਲ ’ਤੇ ਸੈਰ ਕਰ ਰਹੇ ਦੋ ਦੋਸਤਾਂ ਸਾਫਟਵੇਅਰ ਇੰਜਨੀਅਰ ਮਿਯੰਕ ਸ਼ਰਮਾ ਅਤੇ ਮੇਜਰ ਜਿਤੇਸ਼ ਚੱਢਾ ਨੇ ਉਸ ਨੂੰ ਬਚਾਉਣ ਲਈ ਝੀਲ ਵਿੱਚ ਛਾਲ ਮਾਰ ਦਿੱਤੀ। ਉਹ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆਏ। ਇਸ ਸਬੰਧੀ ਸੈਕਟਰ ਤਿੰਨ ਥਾਣੇ ਵਿੱਚ ਡੀਡੀਆਰ ਦਰਜ ਕੀਤੀ ਗਈ ਹੈ। ਸੂਤਰਾਂ ਅਨੁਸਾਰ ਪਹਿਲਾਂ ਨੌਜਵਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਕੁਝ ਘਰੇਲੂ ਕਾਰਨਾਂ ਕਰਕੇ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਦੇ ਮਾਪੇ ਪਹੁੰਚ ਗਏ ਤਾਂ ਉਸ ਨੇ ਯੂ ਟਰਨ ਲੈਂਦੇ ਹੋਏ ਕਿਹਾ ਕਿ ਉਹ ਗਲਤੀ ਨਾਲ ਝੀਲ ਵਿੱਚ ਡਿੱਗ ਗਿਆ ਸੀ। -ਟਨਸ