ਮਿਹਰ ਸਿੰਘ
ਕੁਰਾਲੀ, 19 ਅਕਤੂਬਰ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸੱਤ ਮਹੀਨਿਆਂ ਦੇ ਅੰਤਰਾਲ ਬਾਅਦ ਚਾਈਂ ਚਾਈਂ ਸਕੂਲ ਪੁੱਜੇ। ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਹਿੰਮਤ ਸਿੰਘ ਹੁੰਦਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸ੍ਰੀ ਹੁੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਆਈਆਂ ਰਿਪੋਰਟਾਂ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਅੱਜ 30 ਤੋਂ 35 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਵੀ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਹਿੱਤ ਪ੍ਰਬੰਧਾਂ ਨੂੰ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹਨ ‘ਚ ਪੂਰੀ ਸਰਗਰਮੀ ਦਿਖਾਈ ਗਈ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਸਿੰਘਪੁਰਾ ਦੀ ਪ੍ਰਿੰਸੀਪਲ ਬੰਦਨਾ ਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੰਚ ਅੱਜ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਨਾਲ ਹਾਜ਼ਰ ਹੋਏ। ਪਹਿਲਾ ਦਿਨ ਹੋਣ ਕਰਕੇ ਮਾਪਿਆਂ ਵਿੱਚ ਭਾਵੇਂ ਅੱਜ ਕੁਝ ਸਹਿਮ ਸੀ ਪਰ ਉਮੀਦ ਹੈ ਕਿ ਅੱਜ ਹਾਜ਼ਰ ਹੋਏ ਬੱਚਿਆਂ ਵੱਲੋਂ ਕੀਤੇ ਸੰਚਾਰ ਰਾਹੀਂ ਇਸ ਹਫਤੇ ’ਚ ਵੱਡੀ ਗਿਣਤੀ ‘ਚ ਵਿਦਿਆਰਥੀ ਸਕੂਲਾਂ ਵਿੱਚ ਹਾਜ਼ਰ ਹੋ ਜਾਣਗੇ। ਵਿਦਿਆਰਥੀਆਂ ਹਰਜਿੰਦਰ ਕੌਰ, ਨਰਿੰਦਰ ਕੌਰ, ਅਮਨਦੀਪ ਸਿੰਘ, ਹੇਮਾ ਨੇ ਦੱਸਿਆ ਕਿ ਸਕੂਲਾਂ ਵਿੱਚ ਅੱਜ ਵਧੀਆ ਮਾਹੌਲ ਦੇਖਣ ਨੂੰ ਮਿਲਿਆ।
ਚਮਕੌਰ ਸਾਹਿਬ (ਸੰਜੀਵ ਕੁਮਾਰ ਬੱਬੀ): ਮਾਰਚ ਮਹੀਨੇ ਤੋਂ ਬੰਦ ਹੋਏ ਸਕੂਲ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ, ਸਰਕਾਰੀ ਕੰਨਿਆਂ ਸਕੂਲ ਚਮਕੌਰ ਸਾਹਿਬ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਤੇ ਹਫਿਜ਼ਾਬਾਦ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਆਦਿ ਵਿੱਚ ਅੱਜ ਵਿਦਿਆਰਥੀਆਂ ਦੀ ਔਸਤ ਹਾਜ਼ਰੀ 10 ਫ਼ੀਸਦੀ ਤੋਂ ਵੀ ਘੱਟ ਰਹੀ। ਇਲਾਕੇ ਦੇ ਬੁੱਧੀਜੀਵੀ ਸਾਬਕਾ ਪ੍ਰਿੰਸੀਪਲ ਅਜਾਇਬ ਸਿੰਘ ਮਾਂਗਟ, ਚੌਧਰੀ ਭਰਤ ਸਿੰਘ ਮਾਸਟਰ ਰਣਜੀਤ ਸਿੰਘ ਹਵਾਰਾ ਅਤੇ ਸਾਬਕਾ ਲੈਕਚਰਾਰ ਧਰਮਪਾਲ ਦਾ ਮੰਨਣਾ ਹੈ ਕਿ ਪਹਿਲੇ ਦਿਨ ਸਕੂਲਾਂ ਵਿੱਚ ਹਾਜ਼ਰੀ ਨਾਂਹ ਦੇ ਬਰਾਬਰ ਰਹੀ ਹੈ।
ਸਕੂਲ ਖੁੱਲ੍ਹੇ ਪਰ ਹਾਜ਼ਰੀ ਨਾਮਾਤਰ
ਅਮਲੋਹ (ਰਾਮ ਸ਼ਰਨ ਸੂਦ): ਸਰਕਾਰੀ ਸੈਕੰਡਰੀ ਸਕੂਲ ਨਰਾਇਣਗੜ੍ਹ ਦੇ ਪ੍ਰਿੰਸੀਪਲ ਡਾ. ਆਰਕੇ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ 600 ਵਿੱਚੋਂ ਕੇਵਲ 10 ਵਿਦਿਆਰਥੀ ਹੀ ਆਏ। ਇਸੇ ਤਰ੍ਹਾਂ ਅਮਲੋਹ, ਮੰਡੀ ਗੋਬਿੰਦਗੜ੍ਹ, ਸਰਹਿੰਦ, ਫ਼ਤਹਿਗੜ੍ਹ ਸਾਹਿਬ, ਬੱਸੀ ਪਠਾਣਾਂ ਅਤੇ ਖਮਾਣੋਂ ਆਦਿ ਸਬ ਡਿਵੀਜ਼ਨਾਂ ਦੇ ਅਧੀਨ ਵੱਖ-ਵੱਖ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨਾਂਮਾਂਾਤਰ ਰਹੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ 6 ਮਹੀਨੇ ਸਕੂਲ ਬੰਦ ਰਹਿਣ ਕਾਰਨ ਅੱਜ ਘੱਟ ਗਿਣਤੀ ਵਿਚ ਵਿਦਿਆਰਥੀ ਸਕੂਲਾਂ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਸਮੂਹ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਫਾਰਮਾਂ ’ਤੇ ਵਿਦਿਆਰਥੀਆਂ ਨੇ ਮਾਪਿਆਂ ਦੇ ਦਸਤਖ਼ਤ ਕੀਤੇ
ਘਨੌਲੀ (ਜਗਮੋਹਨ ਸਿੰਘ): ਸਕੂਲਾਂ ਨੂੰ ਅੱਜ 212 ਦਿਨ ਬਾਅਦ ਖੋਲ੍ਹਣ ਲਈ ਹਰੀ ਝੰਡੀ ਮਿਲਣ ਉਪਰੰਤ ਸਰਕਾਰੀ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀ ਆਪੋ ਆਪਣੇ ਸਕੂਲ ਪੁੱਜੇ, ਪਰ ਇਲਾਕੇ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਕੋਈ ਵਿਦਿਆਰਥੀ ਨਜ਼ਰ ਨਹੀਂ ਆਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਗਲ ਸਿਰਸਾ ਅਤੇ ਭਰਤਗੜ੍ਹ ਵਿੱਚ 80 ਤੋਂ 90 ਫ਼ੀਸਦ ਤੱਕ ਸਟਾਫ ਮੈਂਬਰ ਹਾਜ਼ਰ ਸਨ ਅਤੇ ਅਧਿਆਪਕਾਂ ਵੱਲੋਂ ਥੋੜ੍ਹੇ ਥੋੜ੍ਹੇ ਵਿਦਿਆਰਥੀਆਂ ਨੂੰ ਗਰੁੱਪਾਂ ਵਿੱਚ ਵੰਡ ਕੇ ਪੜ੍ਹਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿਖੇ ਪੜ੍ਹਨ ਲਈ ਬੱਚਿਆਂ ਨੇ ਆਪਣੇ ਸਮਾਰਟ ਦਿਮਾਗ ਦੀ ਵਰਤੋਂ ਕਰਦਿਆਂ ਸਕੂਲ ਵੱਲੋਂ ਮੁਹੱਈਆ ਕਰਵਾਏ ਗਏ ਕੰਨਸੈਂਟ ਫਾਰਮਾਂ ’ਤੇ ਮਾਪਿਆਂ ਦੀ ਥਾਂ ਆਪ ਹੀ ਦਸਤਖਤ ਕਰ ਕੇ ਅਧਿਆਪਕਾਂ ਨੂੰ ਦੇ ਦਿੱਤੇ, ਪਰ ਜਦੋਂ ਫਾਰਮ ਪ੍ਰਿੰਸੀਪਲ ਪ੍ਰਮੋਦ ਗੁਪਤਾ ਕੋਲ ਪੁੱਜੇ ਤਾਂ ਉਨ੍ਹਾਂ ਸ਼ੱਕ ਪੈਣ ਤੇ ਜਦੋਂ ਫਾਰਮਾਂ ਦੀ ਪੜਤਾਲ ਕੀਤੀ ਤਾਂ ਮਾਪਿਆਂ ਦੇ ਦਸਤਖਤ ਵੀ ਵਿਦਿਆਰਥੀਆਂ ਵੱਲੋਂ ਖੁਦ ਹੀ ਸਾਈਨ ਕੀਤੇ ਹੋਏ ਨਿਕਲੇ।