ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 11 ਸਤੰਬਰ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਭਾਸ਼ਾ ਵਿਭਾਗ ਪੰਜਾਬ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਚਨਾਰਥਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗੀ ਕਾਰਜਾਂ ਤੋਂ ਜਾਣੂ ਕਰਵਾਇਆ। ਕੈਨੇਡਾ ਵਾਸੀ ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੇ ਆਪਣੀ ਸਿਰਜਣ ਪ੍ਰਕਿਰਿਆ, ਜੀਵਨ ਤਜ਼ਰਬਿਆਂ ਅਤੇ ਜੀਵਨ ਸੰਘਰਸ਼ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕਵਿਤਾ ਦੀ ਰਚਨਾ ਕਰਤਾਰੀ ਅਮਲ ਹੈ। ਮੁੱਖ ਮਹਿਮਾਨ ਦੀਪਕ ਚਨਾਰਥਲ ਨੇ ਸ਼ਬਦ ਗੁਰੂ ਦੀ ਮਹਿਮਾ ਨੂੰ ਬਿਆਨਦਿਆਂ ਜਸਪਾਲ ਦੇਸੂਵੀ ਦੀ ਕਵਿਤਾ ਅੰਦਰ ਕਾਰਜਸ਼ੀਲ ਅਮਲ ਬਾਰੇ ਗੱਲ ਕੀਤੀ। ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਜਸਪਾਲ ਦੇਸੂਵੀ ਦੀ ਸਿਰਜਣਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਦਰਵੇਸ਼ ਸ਼ਾਇਰ ਹੈ। ਇਸ ਮੌਕੇ ਦਵਿੰਦਰ ਢਿੱਲੋਂ, ਸਤਬੀਰ ਕੌਰ, ਸਿਮਰਜੀਤ ਕੌਰ ਗਰੇਵਾਲ ਤੇ ਸਾਹਿਬਾ ਨੂਰ ਨੇ ਜਸਪਾਲ ਦੇਸੂਵੀ ਦੀਆਂ ਕਵਿਤਾਵਾਂ ਸੁਣਾਈਆਂ।