ਮਿਹਰ ਸਿੰਘ
ਕੁਰਾਲੀ, 11 ਅਕਤੂਬਰ
ਕੁਰਾਲੀ ਵੱਲੋਂ ਆਉਂਦੇ ਬਰਸਾਤੀ ਪਾਣੀ ਤੋਂ ਪ੍ਰੇਸ਼ਾਨ ਸ਼ਹਿਰ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਅੱਜ ਕੌਂਸਲ ਦੀ ਹੱਦ ਅੰਦਰ ਪੈਂਦੇ ਪਡਿਆਲਾ ਬਾਈਪਾਸ ’ਤੇ ਚੱਕਾ ਜਾਮ ਕੀਤਾ। ਕੌਮੀ ਸੜਕ ’ਤੇ ਲਗਾਏ ਜਾਮ ਦੌਰਾਨ ਕਿਸਾਨਾਂ ਨੇ ਬਰਸਾਤੀ ਪਾਣੀ ਕਾਰਨ ਫਸਲਾਂ ਅਤੇ ਪਿੰਡਾਂ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਐੱਸਡੀਐੱਮ (ਖਰੜ) ਨੇ ਮੌਕੇ ’ਤੇ ਪੁੱਜ ਕੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹਿਆ।
ਲੰਮੇ ਸਮੇਂ ਤੋਂ ਸ਼ਹਿਰ ਦੇ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨ ਬਡਾਲੀ, ਬਮਨਾੜਾ, ਪਪਰਾਲੀ, ਧਿਆਨਪੁਰਾ ਤੇ ਢੰਗਰਾਲੀ ਆਦਿ ਦੇ ਕਿਸਾਨਾਂ ਨੇ ਅੱਜ ਪਡਿਆਲਾ ਬਾਈਪਾਸ ’ਤੇ ਧਰਨਾ ਦਿੰਦਿਆਂ ਕੌਮੀ ਮਾਰਗ ਜਾਮ ਕੀਤਾ। ਕਿਸਾਨ ਆਗੂ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਵਿੱਚ ਦਿੱਤੇ ਧਰਨੇ ਦੌਰਾਨ ਪ੍ਰਭਾਵਿਤ ਪਿੰਡਾਂ ਨਾਲ ਲਗਦੇ ਪਿੰਡਾਂ ਕਿਸਾਨਾਂ ਨੇ ਦੱਸਿਆ ਕਿ ਕੁਰਾਲੀ ਸ਼ਹਿਰ ਸਮੇਤ ਉੱਪਰਲੇ ਪਿੰਡਾਂ ਦਾ ਪਾਣੀ ਕਾਫ਼ੀ ਤੇਜ਼ ਵਹਾਅ ਨਾਲ ਉਨ੍ਹਾਂ ਦੇ ਪਿੰਡਾਂ ਵਿੱਚ ਦਾਖਲ ਹੋ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਭਾਵੇਂ ਇਹ ਸਮੱਸਿਆ ਕਾਫੀ ਸਮੇਂ ਤੋਂ ਹੈ ਪਰ ਕੁਰਾਲੀ ਬਾਈਪਾਸ ਬਣਨ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕੁਰਾਲੀ ਬਾਈਪਾਸ ਬਣਾਉਣ ਵੇਲੇ ਵੀ ਇਸ ਪਾਣੀ ਦੇ ਢੁਕਵੇਂ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਸਮੱਸਿਆ ਹੋਰ ਵਧ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਹ ਮਾਮਲਾ ਉਹ ਕਈ ਵਾਰ ਉਭਾਰ ਚੁੱਕੇ ਹਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ।
ਐੱਸਡੀਐੱਮ (ਖਰੜ) ਰਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਕਿਸਾਨਾਂ ਦਾ ਪੱਖ ਸੁਣਿਆ ਅਤੇ ਮੰਗ ਪੱਤਰ ਲਿਆ। ਐੱਸਡੀਐੱਮ ਨੇ ਮੁਜ਼ਾਹਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਲਿਖਣਗੇ ਅਤੇ ਮਸਲੇ ਦੇ ਹੱਲ ਲਈ ਉਪਰਾਲੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਕੌਂਸਲ ਵੀ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਤੇ ਲੋਕ ਸਭਾ ਮੈਂਬਰ ਨੂੰ ਲਿਖ ਚੁੱਕੇ ਹਨ ਤਾਂ ਜੋ ਕੇਂਦਰ ਸਰਕਾਰ ਤੋਂ ਇਸ ਸਮੱਸਿਆ ਦੇ ਹੱਲ ਲਈ ਕਾਰਵਾਈ ਹੋ ਸਕੇ। ਕੌਮੀ ਮਾਰਗ ’ਤੇ ਚੱਕਾ ਜਾਮ ਦੌਰਾਨ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਸੰਭਾਲੀ ਅਤੇ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ।