ਮੁਕੇਸ਼ ਕੁਮਾਰ
ਚੰਡੀਗੜ੍ਹ, 29 ਸਤੰਬਰ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ 12 ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਦੇ ਹਾਈਡ੍ਰੌਲਿਕ ਸਿਸਟਮ ਹੇਠ ਦੱਬ ਕੇ ਮਾਰੇ ਗਏ ਦੋ ਕਾਮਿਆਂ ਦੀ ਮੌਤ ਨੂੰ ਲੈ ਕੇ ਮੁਆਵਜ਼ੇ ਦੇਣ ਦਾ ਮਾਮਲਾ ਵੀ ਸਦਨ ਵਿੱਚ ਗੂੰਜਿਆ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਅਧੀਨ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦਾ ਜੀਵਨ ਬੀਮਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਕੌਂਸਲਰਾਂ ਨੇ ਦੱਸਿਆ ਕਿ ਹੁਣ ਤੱਕ ਨਿਗਮ ਦੀ ਗੱਡੀ ਹੇਠ ਦੱਬ ਕੇ ਦੋ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਨਿਗਮ ਦੇ ਵਾਹਨਾਂ ਦੀ ਤਕਨੀਕੀ ਜਾਂਚ ਕੀਤੀ ਜਾਵੇ। ਇਸ ’ਤੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਵਾਹਨਾਂ ਦੀ ਮਕੈਨੀਕਲ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਹਾਦਸਾ ਨਾ ਵਾਪਰੇ। ਇਸ ਸਬੰਧ ਵਿੱਚ ਨਿਗਮ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਕੋਈ ਬਟਨ ਦਬਾਇਆ ਜਾਵੇ ਤਾਂ ਹਾਈਡ੍ਰੌਲਿਕ ਪ੍ਰੈਸ਼ਰ ਕਾਰਨ ਪਲੈਟਫਾਰਮ ਇਕਦਮ ਨਾ ਤਾਂ ਹੇਠਾਂ ਆਉਂਦਾ ਹੈ ਅਤੇ ਨਾ ਹੀ ਉੱਪਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਆਡਿਟ ਜਾਂਚ ਕਰਵਾਈ ਜਾ ਰਹੀ ਹੈ।
ਸੱਦਾ ਪੱਤਰ ’ਤੇ ‘ਆਪ’ ਕੌਂਸਲਰ ਦਾ ਨਾਮ ਨਾ ਛਾਪਣ ’ਤੇ ਹੰਗਾਮਾ: ‘ਆਪ’ ਕੌਂਸਲਰਾਂ ਨੇ ਸ਼ਹਿਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਛਾਪੇ ਜਾਣ ਵਾਲੇ ਸੱਦਾ ਪੱਤਰਾਂ ਵਿੱਚ ਵਾਰਡ ਕੌਂਸਲਰਾਂ ਦਾ ਨਾਮ ਸ਼ਾਮਲ ਨਾ ਕਰਨ ਦਾ ਮੁੱਦਾ ਉਠਾਇਆ। ਇਸ ’ਤੇ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਹੰਗਾਮਾ ਹੋਇਆ। ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਕਾਂਗਰਸੀ ਕੌਂਸਲਰਾਂ ਨੇ ਹਮਾਇਤ ਕੀਤੀ। ‘ਆਪ’ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਨਾਲ ਹਾਕਮ ਧਿਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ। ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੇ ਦੱਸਿਆ ਕਿ ਬੀਤੇ ਦਿਨ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਪ੍ਰਾਸੈਸਿੰਗ ਸਬੰਧੀ ਪ੍ਰੋਗਰਾਮ ਲਈ ਭੇਜੇ ਸਰਕਾਰੀ ਸੱਦਾ ਪੱਤਰ ਵਿੱਚ ਸਥਾਨਕ ਵਾਰਡ ਦੇ ਕੌਂਸਲਰ ਦਾ ਨਾਂ ਨਹੀਂ ਛਾਪਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਕਿਸੇ ਕੌਂਸਲਰ ਦੇ ਵਾਰਡ ਵਿੱਚ ਪ੍ਰੋਗਰਾਮ ਹੁੰਦਾ ਹੈ ਤਾਂ ਨਗਰ ਨਿਗਮ ਵੱਲੋਂ ਸਰਕਾਰੀ ਸੱਦਾ ਪੱਤਰ ’ਤੇ ਭਾਜਪਾ ਕੌਂਸਲਰ ਦਾ ਨਾਂ ਛਾਪ ਦਿੱਤਾ ਜਾਂਦਾ ਹੈ।
ਤਿਉਹਾਰਾਂ ਦੇ ਸੀਜ਼ਨ ’ਚ ਕੇਬਲ ਲਾਈਨਾਂ ਵਿਛਾਉਣ ’ਤੇ ਰੋਕ: ਹਾਊਸ ਮੀਟਿੰਗ ਦੌਰਾਨ ਇਕ ਹੋਰ ਮੁੱਦਾ ਉਠਿਆ ਕਿ ਕੇਬਲ ਲਾਈਨਾਂ ਵਿਛਾਉਣ ਲਈ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ। ਕੌਂਸਲਰਾਂ ਨੇ ਅਪੀਲ ਕੀਤੀ ਕਿ ਮੌਜੂਦਾ ਤਿਉਹਾਰਾਂ ਦੇ ਸੀਜ਼ਨ ਵਿੱਚ ਕੇਬਲ ਵਿਛਾਉਣ ਦੇ ਕੰਮ ਨੂੰ ਰੋਕ ਦਿੱਤਾ ਜਾਵੇ। ਕੌਂਸਲਰਾਂ ਅਨੁਸਾਰ ਪੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਜ਼ਿਆਦਾਤਰ ਵਾਰਡਾਂ ਵਿੱਚ ਸੜਕਾਂ ਪੁੱਟੀਆਂ ਹੋਈਆਂ ਹਨ। ‘ਆਪ’ ਕੌਂਸਲਰ ਨੇ ਕਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਇਸ ’ਤੇ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਤਿਉਹਾਰਾਂ ਦੇ ਸੀਜ਼ਨ ਤੱਕ ਕੇਬਲ ਲਾਈਨਾਂ ਵਿਛਾਉਣ ਦਾ ਕੰਮ ਬੰਦ ਰੱਖਿਆ ਜਾਵੇ। ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਸੜਕ ਪੁੱਟਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਪ੍ਰਸ਼ਾਸਕ ਨੇ ਨਿਗਮ ਕਾਮਿਆਂ ਨੂੰ ਵੰਡੇ ਬੀਮਾ ਸਰਟੀਫਿਕੇਟ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਨਗਰ ਨਿਗਮ ਦੇ ਕਰਮਚਾਰੀਆਂ ਲਈ ਦੁਰਘਟਨਾ ਅਤੇ ਅਪੰਗਤਾ ਬੀਮਾ ਕਵਰ ਦੀ ਸੁਵਿਧਾ ਦੀ ਸ਼ੁਰੂਆਤ ਕਰਵਾਈ। ਇਸ ਯੋਜਨਾ ਤਹਿਤ ਨਿਗਮ ਦੇ ਕਰਮਚਾਰੀ ਦੀ ਦੁਰਘਟਨਾ ਵਿੱਚ ਮੌਤ ਜਾਂ ਕੁੱਲ ਅਪੰਗਤਾ ਦੀ ਸਥਿਤੀ ਵਿੱਚ ਖਾਤਾਧਾਰਕਾਂ ਦੇ ਪਰਿਵਾਰਾਂ ਨੂੰ 40 ਲੱਖ ਰੁਪਏ ਬਤੌਰ ਬੀਮਾ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਕਰਮਚਾਰੀਆਂ ਲਈ ਇਹ ਮੈਗਾ ਲਾਭਪਾਤਰੀ ਯੋਜਨਾ ਅੱਜ ਇੱਥੇ ਸੈਕਟਰ 38-ਸੀ ਦੇ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਰਸਮੀ ਤੌਰ ’ਤੇ ਸ਼ੁਰੂ ਕੀਤੀ ਗਈ। ਇਸ ਕੌਕੇ ਹਾਜ਼ਰ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਨੇ ਇਹ ਸਕੀਮ ਆਪਣੇ ਸਾਰੇ ਕਰਮਚਾਰੀਆਂ ਲਈ ਸ਼ੁਰੂ ਕੀਤੀ ਹੈ।
ਪੰਚਕੂਲਾ ਵਿੱਚ ਪਿੱਟਬੁੱਲ ਅਤੇ ਰੋਟਵੀਲਰ ਕੁੱਤਿਆਂ ’ਤੇ ਪਾਬੰਦੀ
ਪੰਚਕੂਲਾ (ਪੀਪੀ ਵਰਮਾ): ਇਥੋਂ ਦੇ ਕਿਸਾਨ ਭਵਨ ਸੈਕਟਰ-14 ਦੇ ਹਾਲ ਵਿੱਚ ਨਗਰ ਨਿਗਮ ਪੰਚਕੂਲਾ ਦੀ ਹਾਊਸ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ਅਨੁਸਾਰ ਪੰਚਕੂਲਾ ਵਿੱਚ ਖੁੰਖਾਰ ਕੁੱਤਿਆਂ ਦੀ ਨਸਲ ਪਿੱਟਬੁੱਲ ਅਤੇ ਰੋਟਵੀਲਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੇਅਰ ਕੁਲਭੂਸ਼ਣ ਗੋਇਲ ਦੀ ਪ੍ਰਧਾਨਗੀ ਹੇਠ ਇਹ ਮਤਾ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੱਤਿਆਂ ’ਤੇ ਪਾਬੰਦੀ ਦਾ ਫੈਸਲਾ ਕਾਨਪੁਰ ਨਗਰ ਨਿਗਮ ਦੀ ਤਰਜ਼ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਕੁੱਤਿਆਂ ਦੀ ਨਸਲ ਨੂੰ ਪਾਲਦਾ ਹੈ ਤਾਂ ਉਸ ਦੇ ਮਾਲਕ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਸ੍ਰੀ ਗੋਇਲ ਨੇ ਦੱਸਿਆ ਕਿ ਅੱਜ ਦੀ ਹਾਊਸ ਮੀਟਿੰਗ ਵਿੱਚ ਵੱਡੀ ਗਿਣਤੀ ਕੌਂਸਲਰਾਂ ਨੇ ਭਾਗ ਲਿਆ ਅਤੇ 24 ਮਤੇ ਪਾਸ ਕੀਤੇ ਗਏ।
ਕੌਂਸਲਰਾਂ ਸਫ਼ਾਈ ਦੇ ਮਾੜੇ ਪ੍ਰਬੰਧਾਂ ’ਤੇ ਨਾਰਾਜ਼ਗੀ ਪ੍ਰਗਟਾਈ: ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ ਆਪਣੇ ਇਲਾਕਿਆਂ ਵਿੱਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਉੱਤੇ ਨਾਰਾਜ਼ਗੀ ਪ੍ਰਗਟਾਈ। ਇਸੇ ਦੌਰਾਨ ਕਈ ਕੌਂਸਲਰਾਂ ਨੇ ਕਿਹਾ ਕਿ ਇਕ ਵਿਸ਼ੇਸ਼ ਪਾਰਟੀ ਦੇ ਕੌਂਸਲਰਾਂ ਦੀ ਹੀ ਗੱਲ ਸੁਣੀ ਜਾਂਦੀ ਹੈ ਜਦਕਿ ਬਾਕੀ ਪਾਰਟੀਆਂ ਦੇ ਕੌਂਸਲਰ ਇਸ ਕਰਕੇ ਪ੍ਰੇਸ਼ਾਨੀ ਝਲਦੇ ਹਨ ਕਿਉਂਕਿ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਦੇ ਕੰਮ ਨਹੀਂ ਕਰਦੇ। ਵਿਰੋਧੀ ਕੌਂਸਲਰਾਂ ਨੇ ਇਸ ਪੱਖਪਾਤੀ ਨੀਤੀ ਉੱਤੇ ਸਵਾਲ ਉਠਾਏ।