ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 21 ਫਰਵਰੀ
ਨਵ-ਸਿੱਖਿਆ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਹਰੀਸ਼ ਕੁਮਾਰ, ਪ੍ਰਧਾਨ ਡਾ. ਮੁਕੇਸ਼ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਡਾ. ਜਸਵੰਤ ਸਿੰਘ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਵੱਲੋਂ ਡਾਈਟਾਂ ’ਚੋਂ ਸਮਾਜਿਕ ਸਿੱਖਿਆ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮੰਚ ਨੇ ਸਖ਼ਤ ਵਿਰੋਧ ਕੀਤਾ ਹੈ।
ਆਗੂਆਂ ਨੇ ਦਾਅਵਾ ਕੀਤਾ ਕਿ ਉਕਤ ਅਸਾਮੀਆਂ ਦੀ ਥਾਂ ਮਾਸਟਰ ਕਾਡਰ ਦੇ ਮੈਂਟਰ ਨਿਯੁਕਤ ਕੀਤੇ ਜਾ ਰਹੇ ਹਨ ਜੋ ਕਿ ਡਾਈਟਾਂ ਦੇ ਮੁੱਢਲੇ ਢਾਂਚੇ ਦੇ ਹੀ ਅਨੁਕੂਲ ਨਹੀਂ ਹਨ, ਕਿਉਂਕਿ ਮਾਸਟਰ ਕਾਡਰ ਕੇਵਲ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਪੜ੍ਹਾ ਸਕਦੇ ਹਨ। ਜਦੋਂਕਿ ਡਾਈਟ ਵਿੱਚ ਦਾਖ਼ਲਾ ਬਾਰ੍ਹਵੀਂ ਤੋਂ ਬਾਅਦ ਦਿੱਤਾ ਜਾਂਦਾ ਹੈ ਅਤੇ ਇਸ ਕੰਮ ਲਈ ਸਿਰਫ਼ ਲੈਕਚਰਾਰ ਹੀ ਯੋਗ ਹੁੰਦੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਦੋ ਸਾਲ ਪਹਿਲਾਂ ਡਾਈਟਾਂ ਵਿੱਚ ਕੇਵਲ ਛੇ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਜਾਰੀ ਰੱਖੀਆਂ ਗਈਆਂ ਸਨ ਤਾਂ ਇਨ੍ਹਾਂ ਵਿੱਚ ਉਪਰੋਕਤ ਦੋਵੇਂ ਵਿਸ਼ੇਸ਼ ਸ਼ਾਮਲ ਸਨ ਤਾਂ ਹੁਣ ਕਿਸ ਅਧਿਕਾਰੀ ਦੇ ਕਹਿਣ ’ਤੇ ਇਹ ਦੋਵੇਂ ਅਸਾਮੀਆਂ ਖ਼ਤਮ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਡਾਈਟਾਂ ਵਿੱਚ ਛੇ ਲੈਕਚਰਾਰ ਅਤੇ ਨੌਂ ਮਾਸਟਰ ਕਾਡਰ/ਈਟੀਟੀ ਕਾਡਰ ਦੀਆਂ ਅਸਾਮੀਆਂ ਦੇਣ ਦੀ ਤਜਵੀਜ਼ ਹੈ, ਉਹ ਹੋਰ ਕਿਸੇ ਵੀ ਸਟੇਟ ਵਿੱਚ ਲਾਗੂ ਨਹੀਂ ਹੈ, ਕਿਉਂਕਿ ਡਾਈਟਾਂ ਵਿੱਚ ਜ਼ਿਆਦਾਤਰ ਲੈਕਚਰਾਰ ਦੀਆਂ ਅਸਾਮੀਆਂ ਹੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 30 ਜੂਨ 2021 ਦੇ ਵੱਖਰੇ ਡਾਈਟ ਕਾਡਰ ਬਾਰੇ ਜਾਰੀ ਨੋਟੀਫ਼ਿਕੇਸ਼ਨ ਨੂੰ ਅੱਖੋ-ਪਰੋਖੇ ਕਰਕੇ ਉਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੋ ਉਸ ਨੋਟੀਫ਼ਿਕੇਸ਼ਨ ਵਿੱਚ ਵੀ ਸ਼ਾਮਲ ਨਹੀਂ ਹਨ। ਪਿਛਲੇ ਸਾਲ ਤੋਂ ਡਾਈਟਾਂ ਵਿੱਚ ਦਰਜਾ ਚਾਰ ਦੀਆਂ ਅਸਾਮੀਆਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਾਈਟਾਂ ’ਚੋਂ ਉਕਤ ਦੋ ਵਿਸ਼ਿਆਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਗਈਆਂ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਵੀ ਬੂਹਾ ਖੜਕਾਇਆ ਜਾਵੇਗਾ।