ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਕਾਰਨ ਇਲਾਕੇ ਦੇ ਪਿੰਡ ਜੁਝਾਰ ਨਗਰ ਦੇ ਬਾਸ਼ਿੰਦੇ ਨਰਕ ਭੋਗਣ ਲਈ ਮਜਬੂਰ ਹਨ। ਦਾਰਾ ਸਟੂਡੀਓ ਤੋਂ ਅੱਗੇ ਜੁਝਾਰ ਨਗਰ ਤੱਕ ਜਾਣ ਵਾਲਾ ਰਸਤਾ ਕੱਚਾ ਹੈ ਤੇ ਸੜਕ ਵਿੱਚ ਡੂੰਘੇ ਖੱਡੇ ਅਤੇ ਆਲੇ-ਦੁਆਲੇ ਫੈਲੀ ਗੰਦਗੀ ਤੋਂ ਪਿੰਡ ਵਾਸੀ ਅਤੇ ਰਾਹਗੀਰ ਔਖੇ ਹਨ।
ਅਕਾਲੀ ਸਰਕਾਰ ਵੇਲੇ 10 ਦਸੰਬਰ 2016 ਨੂੰ ਤਤਕਾਲੀ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚਾਰ ਕਰੋੜੀ ਜ਼ਿਲ੍ਹਾ ਪਰਿਸ਼ਦ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ 18 ਫੁੱਟ ਚੌੜੀ ਪੱਕੀ ਸੜਕ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਨੂੰ ਬੂਰ ਨਾ ਪਿਆ। ਇਹੀ ਨਹੀਂ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਤਿੰਨ ਸਾਲਾਂ ਵਿੱਚ ਪਿੰਡ ਦੀ ਹਾਲਤ ਸੁਧਾਰਨ ਲਈ ਠੋਸ ਊਪਰਾਲੇ ਨਹੀਂ ਕੀਤੇ।
ਪਿੰਡ ਦੀ ਪੰਚ ਵਿਮਲਾ ਦੇਵੀ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਵੀ ਕੱਚੀਆਂ ਹਨ। ਸੀਵਰੇਜ ਦੀ ਕੋਈ ਸੁਵਿਧਾ ਨਹੀਂ ਹੈ ਅਤੇ ਚੁਫੇਰੇ ਫੈਲੀ ਗੰਦਗੀ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਟੋਭੇ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਦੌਰਾਨ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਸਥਾਨਕ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀ ਲੰਮੇ ਸਮੇਂ ਤੋਂ ਹੁਕਮਰਾਨਾਂ ਅਤੇ ਅਧਿਕਾਰੀਆਂ ਦੇ ਤਰਲੇ ਕੱਢ ਰਹੇ ਹਨ ਪਰ ਕੋਈ ਵੀ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ।
ਪਿੰਡ ਦੇ ਵਿਕਾਸ ’ਤੇ ਖਰਚੇ ਜਾਣਗੇ ਦੋ ਕਰੋੜ: ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦੋ ਕਰੋੜ ਦੀ ਲਾਗਤ ਨਾਲ ਜੁਝਾਰ ਨਗਰ ਦੀ ਕਾਇਆ-ਕਲਪ ਕੀਤੀ ਜਾਵੇਗੀ। ਊਨ੍ਹਾਂ ਕਿਹਾ ਸੀਵਰੇਜ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਾਣੀ ਦੀ ਸਪਲਾਈ ਲਈ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਸੜਕ ਪੱਕੀ ਬਣਾਈ ਜਾਵੇਗੀ।