ਮੁਕੇਸ਼ ਕੁਮਾਰ
ਚੰਡੀਗੜ੍ਹ, 23 ਫਰਵਰੀ
ਚੰਡੀਗੜ੍ਹ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿੱਥੇ ਇਕ ਪਾਸੇ ਪੂਰੇ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ ਉੱਥੇ ਹੀ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਚੰਡੀਗੜ੍ਹ ਸਾਈਕਲ ਸ਼ੇਅਰਿੰਗ ਪ੍ਰਾਜੈਕਟ ’ਤੇ ਵੀ ਪਿਆ। ਅੱਜ ਇਸ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਦੂਜੇ ਪੜਾਅ ਦਾ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਇੱਥੇ ਸੈਕਟਰ 42 ਦੀ ਨਿਊ ਲੇਕ ਤੋਂ ਉਦਘਾਟਨ ਕੀਤਾ ਜਾਣਾ ਸੀ ਜੋ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਗੇ ਪਾ ਦਿੱਤਾ ਗਿਆ।
ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਇਸ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਦੂਜੇ ਪੜਾਅ ਦਾ ਉਦਘਾਟਨੀ ਪ੍ਰੋਗਰਾਮ ਇੱਥੇ ਸੈਕਟਰ-42 ਸਥਿਤ ਨਿਊ ਲੇਕ ਵਿਖੇ ਰੱਖਿਆ ਗਿਆ ਸੀ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੂਜੇ ਪੜਾਅ ਤਹਿਤ ਸ਼ਹਿਰ ਵਿੱਚ 155 ਡੌਕਿੰਗ ਸਟੇਸ਼ਨ (ਸਾਈਕਲ ਸਟੈਂਡ) ਅਤੇ 1250 ਸਾਈਕਲ ਹੋਰ ਜੋੜੇ ਜਾਣੇ ਸਨ। ਪਹਿਲੇ ਪੜਾਅ ਤਹਿਤ 1250 ਸਾਈਕਲ ਚੱਲ ਰਹੇ ਹਨ। ਇਸ ਤਰ੍ਹਾਂ ਦੂਜੇ ਪੜਾਅ ਤੋਂ ਬਾਅਦ ਇਸ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਕੁੱਲ ਢਾਈ ਹਜ਼ਾਰ ਸਾਈਕਲ ਚੱਲਣੇ ਸ਼ੁਰੂ ਹੋ ਜਾਣੇ ਸਨ, ਪਰ ਹੁਣ ਇਸ ਪ੍ਰਾਜੈਕਟ ਦਾ ਦੂਜਾ ਪੜਾਅ ਦੇ ਉਦਘਾਟਨ ਦੀ ਅਗਲੀ ਤਰੀਕ ਤੈਅ ਕੀਤੀ ਜਾਵੇਗੀ। ਅੱਜ ਬੁੱਧਵਾਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਅਤੇ ਮੇਅਰ ਸਰਬਜੀਤ ਕੌਰ ਨੇ ਵੀ ਸ਼ਿਰਕਤ ਕਰਨੀ ਸੀ। ਸਮਾਰਟ ਸਿਟੀ ਯੋਜਨਾ ਅਧੀਨ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਵੱਖ-ਵੱਖ ਚਾਰ ਪੜਾਵਾਂ ’ਚ ਇਸ ਸਾਲ ਦੇ ਅੰਤ ਤੱਕ ਕੁੱਲ ਪੰਜ ਹਜ਼ਾਰ ਸਾਈਕਲ ਚਲਾਏ ਜਾਣਗੇ।