ਹਰਜੀਤ ਸਿੰਘ
ਜ਼ੀਰਕਪੁਰ, 24 ਜੁਲਾਈ
ਪ੍ਰਸ਼ਾਸ਼ਨ ਸ਼ਹਿਰ ਵਿੱਚ ਜਾਮ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ’ਤੇ ਰੋਜ਼ਾਨਾ ਘੰਟਿਆਂਬੱਧੀ ਜਾਮ ਲੱਗ ਰਿਹਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪੈ ਰਿਹਾ ਹੈ। ਅੱਜ ਐਤਵਾਰ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ’ਤੇ ਲੋਕ ਕਈ ਕਈ ਘੰਟੇ ਜਾਮ ’ਚ ਫਸੇ ਰਹੇ।
ਜਾਣਕਾਰੀ ਅਨੁਸਾਰ ਜਾਮ ਦੀ ਸਭ ਤੋਂ ਵਧ ਪ੍ਰੇਸ਼ਾਨੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ ਰਾਹ, ਜ਼ੀਰਕਪੁਰ ਪੰਚਕੂਲਾ ਸੜਕ ਅਤੇ ਪਟਿਆਲਾ ਸੜਕ ’ਤੇ ਬਣੀ ਰਹੀ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ ਰਾਹ ’ਤੇ ਮੈਕਡੌਨਲਡ ਚੌਕ ਅਤੇ ਸਿੰਘਪੁਰਾ ਚੌਕ ’ਤੇ ਫਲਾਈਓਵਰ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਇਥੇ ਆਵਾਜਾਈ ਵਿੱਚ ਅੜਿੱਕਾ ਪੈ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਹੱਦ ਦੇ ਨੇੜੇ ਓਵਰਪਾਸ ਕਾਰਨ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਨ੍ਹਾਂ ਤਿੰਨਾਂ ਥਾਵਾਂ ਤੋਂ ਇਲਾਵਾ ਪਟਿਆਲਾ ਚੌਕ ਅਤੇ ਕਾਲਕਾ ਚੌਕ ’ਤੇ ਵੀ ਹਰ ਵੇਲੇ ਵਾਹਨਾਂ ਦਾ ਘੜਮੱਸ ਮਚਿਆ ਰਹਿੰਦਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਜਾਮ ਦੀ ਸਮੱਸਿਆ ਦੇ ਹੱਲ ਲਈ ਮੈਕਡੌਨਲਡ, ਸਿੰਘਪੁਰਾ ਚੌਕ ’ਤੇ ਟਰੈਫਿਕ ਲਾਈਟ ਦੀ ਸਮੱਸਿਆ ਦੇ ਹੱਲ ਲਈ ਓਵਰਬ੍ਰਿਜ ਅਤੇ ਚੰਡੀਗੜ੍ਹ ਹੱਦ ਦੇ ਨੇੜੇ ਓਵਰਪਾਸ ਬਣਾਇਆ ਜਾ ਰਿਹਾ ਹੈ। ਇਨ੍ਹਾਂ ਦੀ ਉਸਾਰੀ ਮੁਕੰਮਲ ਹੋਣ ਮਗਰੋਂ ਜਾਮ ਤੋਂ ਵੱਡੀ ਰਾਹਤ ਮਿਲੇਗੀ। ਪਰ ਜਦ ਤੱਕ ਇਨ੍ਹਾਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ ਤਦ ਤੱਕ ਇਸ ਸਮੱਸਿਆ ਤੋਂ ਨਿਜਾਤ ਮਿਲਦੀ ਦਿਖਾਈ ਨਹੀਂ ਦਿੰਦੀ। ਉਂਝ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਵੱਲੋਂ ਲਗਾਤਾਰ ਟਰੈਫਿਕ ਪੁਲੀਸ ਅਤੇ ਨੈਸ਼ਨਲ ਹਾਈਵੇਅ ਨਾਲ ਮੀਟਿੰਗਾਂ ਕੀਤੀਆਂਜਾ ਰਹੀਆਂ ਹਨ। ਪਰ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਨਿਕਲ ਰਿਹਾ।
ਇਸ ਸਬੰਧੀ ਗੱਲ ਕਰਨ ’ਤੇ ਜ਼ੀਰਕਪੁਰ ਟਰੈਫਿਕ ਪੁਲੀਸ ਦੇ ਇੰਚਾਰਜ ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਆਮ ਦਿਨਾਂ ਤੋਂ ਵਧ ਆਵਾਜਾਈ ਹੋ ਜਾਂਦੀ ਹੈ ਜਿਸ ਕਾਰਨ ਆਵਾਜਾਈ ਵਿੱਚ ਅੜਿੱਕਾ ਪੈਦਾ ਹੁੰਦਾ ਹੈ।
ਜ਼ੀਰਕਪੁਰ ਦਾ ਨਾਮ ਬਦਲ ਕੇ ‘ਜਾਮਪੁਰ’ ਰੱਖਣ ਦੀ ਮੰਗ
ਟ੍ਰੈਫਿਕ ਦੀ ਸਮੱਸਿਆ ਤੋਂ ਡਰਦਿਆਂ ਵਾਹਨ ਚਾਲਕ ਜ਼ੀਰਕਪੁਰ ’ਚੋਂ ਲੰਘਣ ਤੋਂ ਡਰਨ ਲੱਗ ਪਏ ਹਨ। ਹਿਮਾਚਲ, ਚੰਡੀਗੜ੍ਹ ਸਣੇ ਹੋਰਨਾਂ ਥਾਵਾਂ ’ਤੇ ਜਾਣ ਵਾਲੇ ਵਾਹਨ ਚਾਲਕ ਇਥੋਂ ਲੰਘਣ ਦੀ ਥਾਂ ਹੋਰਨਾਂ ਸੜਕਾਂ ਨੂੰ ਪਹਿਲ ਦੇਣ ਲੱਗ ਗਏ ਹਨ। ਬਾਹਰੋਂ ਆਉਣ-ਜਾਣ ਵਾਲੇ ਤਾਂ ਇਹ ਤਰਕੀਬ ਲਗਾ ਲੈਂਦੇ ਹਨ ਪਰ ਇਥੋਂ ਦੇ ਵਸਨੀਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲਣੀ ਸੌਖੀ ਨਹੀਂ ਜਾਪਦੀ। ਘੰਟਿਆਂਬਧੀ ਟ੍ਰੈਫਿਕ ਜਾਮ ’ਚ ਫਸਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਸ਼ਹਿਰ ਦਾ ਨਾਂ ਜ਼ੀਰਕਪੁਰ ਤੋਂ ਬਦਲ ਕੇ ਜਾਮਪੁਰ ਰੱਖ ਦੇਣਾ ਚਾਹੀਦਾ ਹੈ।