ਸ਼ਸ਼ੀ ਪਾਲ ਜੈਨ
ਖਰੜ, 23 ਸਤੰਬਰ
ਲਗਪਗ 2 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਖਰੜ ਸ਼ਹਿਰ ਨੂੰ ਕੋਈ ਆਧੁਨਿਕ ਬੱਸ ਸਟੈਂਡ ਪਿਛਲੇ 2 ਦਹਾਕਿਆ ਤੋਂ ਨਹੀਂ ਮਿਲ ਸਕਿਆ ਹੈ। ਭਾਵੇਂ 2 ਵੱਖ-ਵੱਖ ਕਾਂਗਰਸੀ ਸਰਕਾਰਾਂ ਸਮੇਂ ਇਸ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ। ਅੱਜ ਵੀ ਇੱਥੋਂ ਜਾਣ ਵਾਲੇ ਹਜ਼ਾਰਾਂ ਮੁਸਾਫ਼ਰ ਹਾਕਮਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਤੇਜ਼ ਧੁੱਪ, ਵੱਗਦੇ ਮੀਂਹ, ਧੂੜ-ਮਿੱਟੀ ਵਿੱਚ ਖੜ੍ਹਨ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਖਰੜ ਦਾ ਬੱਸ ਸਟੈਂਡ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਹੋਇਆ ਹੈ ਅਤੇ ਇੱਥੋਂ ਦੀ ਇਮਾਰਤ 70-75 ਸਾਲ ਪਹਿਲਾਂ ਪੰਚਾਇਤ ਸਮਿਤੀ ਵੱਲੋਂ ਉਸਾਰੀ ਗਈ ਸੀ। ਇੱਥੇ ਪੰਚਾਇਤ ਸਮਿਤੀ ਦੀ 11 ਕਨਾਲ ਕੁੱਲ ਥਾਂ ਹੈ । ਜਦੋਂ ਖਰੜ ਦੇ ਵਸਨੀਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਬੱਸ ਸਟੈਂਡ ਦੀ ਉਸਾਰੀ ਲਈ ਜ਼ਬਰਦਸਤ ਦਿਲਚਸਪੀ ਦਿਖਾਈ। ਦਸੰਬਰ 2021 ਵਿੱਚ ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡਿੰਗ ਵੱਲੋਂ ਇਸ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਉਸ ਸਮੇਂ ਪੰਚਾਇਤ ਸਮਿਤੀ ਵੱਲੋਂ ਅਤੇ ਸਥਾਨਕ ਨਗਰ ਕੌਸਲ ਵੱਲੋਂ ਮਤਾ ਵੀ ਪਾਸ ਕੀਤਾ ਗਿਆ। ਇਹ ਬੱਸ ਸਟੈਂਡ ਉਥੇ ਪਈ ਪੰਚਾਇਤ ਸਮਿਤੀ ਦੀ 11 ਕਨਾਲ ਥਾਂ ਅਤੇ ਨਾਲ ਲਗਦੀ ਨਗਰ ਕੌਂਸਲ ਦੀ 3 ਕਨਾਲ ਥਾਂ ਨੂੰ ਇੱਕਠਾ ਕਰਕੇ ਬਣਾਇਆ ਜਾਣਾ ਸੀ। ਇਥੋਂ ਤੱਕ ਕਿ ਪੰਚਾਇਤ ਸਮਿਤੀ ਦੀ ਇਮਾਰਤ ਨੂੰ ਢਾਹ ਕੇ ਥਾਂ ਸਾਫ ਕਰਨ ਦਾ ਠੇਕਾ ਕਿਸੇ ਨੂੰ ਦਿੱਤਾ ਗਿਆ ਅਤੇ ਕੌਸਲ ਦਾ ਦਫਤਰ ਵੀ ਇੱਥੋਂ ਤਬਦੀਲ ਕਰ ਦਿੱਤਾ ਗਿਆ। ਸ਼ਹਿਰ ਵਾਸੀਆਂ ਨੂੰ ਇੰਜ ਲਗਦਾ ਸੀ ਕਿ ਹੁਣ ਇੱਥੇ ਤੁਰੰਤ ਕੰਮ ਸ਼ੁਰੂ ਹੋ ਜਾਵੇਗਾ ਪਰ ਲਾਲ ਫੀਤਾਸ਼ਾਹੀ ਕਾਰਨ ਇਹ ਕੰਮ ਸ਼ੁਰੂ ਨਾ ਹੋਇਆ। ਇਸੇ ਦੌਰਾਨ ਚੋਣਾਂ ਸਬੰਧੀ ਐਲਾਨ ਹੋ ਗਿਆ ਅਤੇ ਸਰਕਾਰ ਬਦਲ ਗਈ। ਅੱਜ ਨਵੀਂ ਸਰਕਾਰ ਨੂੰ ਬਣੇ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ ਪਰ ਕਿਸੇ ਨੂੰ ਨਹੀਂ ਪਤਾ ਕਿ ਇਸ ਪ੍ਰਾਜੈਕਟ ਦਾ ਕੀ ਬਣਿਆ।
ਇਸੇ ਬੱਸ ਸਟੈਂਡ ਦੀ ਉਸਾਰੀ ਸਬੰਧੀ ਸਾਲ 2006 ਵਿੱਚ ਖਰੜ ਦੇ ਵਿਧਾਇਕ ਬੀਰਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਾ ਨੀਂਹ ਪੱਥਰ ਰਖਾਇਆ ਗਿਆ ਸੀ। ਅੱਜ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪੱਥਰ ਕਿੱਥੇ ਗਿਆ।
ਛੇਤੀ ਇਸ ਕਾਰਜ ਨੂੰ ਨੇਪਰੇ ਚਾੜਿ੍ਹਆ ਜਾਵੇਗਾ: ਅਨਮੋਲ ਗਗਨ ਮਾਨ
ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਸਮੇਂ ਦੀਆਂ ਸਰਕਾਰਾਂ ਨੇ ਦੋ ਵਾਰ ਨੀਂਹ ਪੱਥਰ ਰੱਖ ਦਿੱਤਾ ਸੀ,ਪਰ ਕੰਮ ਸ਼ੁਰੂ ਨਹੀਂ ਕਰਵਾਇਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਬੱਸ ਸਟੈਂਡ ਦੇ ਨਵੀਨੀਕਰਨ ਸਬੰਧੀ ਯੋਜਨਾ ਤਿਆਰ ਕਰ ਰਹੇ ਹਾਂ, ਜਲਦ ਇਸ ਕਾਰਜ ਨੂੰ ਨੇਪਰੇ ਚਾੜਿ੍ਹਆ ਜਾਵੇਗਾ।