ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਸਤੰਬਰ
ਫ਼ਿਲਮੀ ਅਦਾਕਾਰ ਮਲਕੀਤ ਰੌਣੀ ਨੇ ਆਖਿਆ ਹੈ ਕਿ ਡਾ. ਗੁਰਮੀਤ ਸਿੰਘ ਬੈਦਵਾਣ ਵੱਲੋਂ ਪੁਆਧ ਦੀ ਜੀਵਨ ਸ਼ੈਲੀ ਉੱਤੇ ਪੁਆਧੀ ਉਪ ਬੋਲੀ ਵਿੱਚ ਲਿਖੀ ਗਈ ਪੁਸਤਕ ‘ਰੰਗ ਪੁਆਧ ਕੇ’ ਇੱਕ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ ਹੈ। ਉਹ ਅੱਜ ਅੰਤਰ-ਰਾਸ਼ਟਰੀ ਪੁਆਧੀ ਮੰਚ ਵੱਲੋਂ ਇੱਥੋਂ ਦੇ ਦਸਮੇਸ਼ ਖਾਲਸਾ ਕਾਲਜ ਵਿੱਚ ਪੁਸਤਕ ਦੇ ਚੌਥੇ ਐਡੀਸ਼ਨ ਉਪਰੰਤ ਰੱਖੀ ਗਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕਰਮਵੀਰ ਸਿੰਘ, ਪੁਸਤਕ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਫ਼ਿਲਮੀ ਅਦਾਕਾਰਾ ਮੋਹਣੀ ਤੂਰ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋ ਕੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਬਕਾ ਵਿਧਾਇਕ ਨਰਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਰੌਣੀ ਨੇ ਪੁਆਧੀ ਮੰਚ ਵੱਲੋਂ ਪੁਆਧੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਨਰਿੰਦਰ ਸ਼ਰਮਾ ਨੇ ਇਸ ਮੌਕੇ ਠੇਠ ਪੁਆਧੀ ਵਿੱਚ ਆਪਣੀ ਗੱਲ ਕਰਦਿਆਂ ਆਪਣੇ ਪੁਆਧੀ ਪੇਂਡੂ ਪਿਛੋਕੜ ਨਾਲ ਜੁੜੀਆਂ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ। ਪੇਪਰ ਪੜ੍ਹਦਿਆਂ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਅਤੇ ਕਾਲਜ ਦੀ ਪੰਜਾਬੀ ਵਿਭਾਗ ਦੀ ਮੁਖੀ ਡਾ. ਕਿਰਨਪਾਲ ਕੌਰ ਨੇ ਪੁਸਤਕ ਨੂੰ ਪੁਆਧ ਇਲਾਕੇ ਦਾ ਮਹਾਨ ਕੋਸ਼ ਅਤੇ ਪੁਆਧੀ ਸ਼ਬਦਾਵਲੀ ਦਾ ਸ਼ਬਦ ਭੰਡਾਰ ਦੱਸਿਆ।