ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਢਕੋਲੀ ਫਾਟਕ ਨੇੜੇ 19 ਸਾਲਾਂ ਲੜਕੀ ਨੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਚੰਦਰਾਵਤੀ ਪੁੱਤਰੀ ਸ਼ਿਵ ਕੁਮਾਰ ਵਾਸੀ ਹਰਦੋਈ, ਉੱਤਰ ਪ੍ਰਦੇਸ਼ ਹਾਲ ਵਾਸੀ ਢਕੋਲੀ ਦੇ ਰੂਪ ਵਿੱਚ ਹੋਈ। ਉਹ ਆਪਣੀ ਭੈਣ ਕੋਲ ਢਕੋਲੀ ਰਹਿਣ ਲਈ ਆਈ ਸੀ। ਰੇਲਵੇ ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਪ੍ਰੇਸ਼ਾਨ ਰਹਿੰਦੀ ਸੀ। ਅਕਸਰ ਘਰ ਤੋਂ ਸੈਰ ਕਰਨ ਲਈ ਰੇਲਵੇ ਲਾਈਨ ਵਲ ਚਲੀ ਜਾਂਦੀ ਸੀ। ਲੰਘੀ ਰਾਤ ਉਹ ਘਰ ਤੋਂ ਰੋਜ਼ਾਨਾ ਵਾਂਗ ਸੈਰ ਕਰਨ ਲਈ ਗਈ ਸੀ ਜਿੱਥੇ ਉਸ ਨੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕਾ ਦੀ ਭੈਣ ਦੇ ਬਿਆਨ ’ਤੇ ਧਾਰਾ 174 ਤਹਿਤ ਕੇਸ ਦਰਜ ਕਰ ਕੇ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।